Punjab Election: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਤੇ ਹੋਰ ਕੁਝ ਵਿਅਕਤੀਆਂ 'ਤੇ ਥਾਣਾ ਕੋਟਭਾਈ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ। ਪਿੰਡ ਦੋਦਾ ਵਾਸੀ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ ਮਾਮਲਾ ਬੀਤੀ ਰਾਤ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੀ ਘਟਨਾ ਸਬੰਧੀ ਦਰਜ ਕੀਤਾ ਗਿਆ ਹੈ। ਥਾਣਾ ਕੋਟਭਾਈ ਵਿਚ ਐਫਆਈਆਰ ਨੰਬਰ 33 ਦਰਜ ਹੋਈ ਹੈ। ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਕੋਟਭਾਈ ਵਿਚ ਐਫਆਈਆਰ 34 ਨੰਬਰ ਦਰਜ ਹੋਈ ਹੈ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਰਣਧੀਰ ਸਿੰਘ ਧੀਰਾ, ਰੌਕਸੀ ਬਰਾੜ 'ਤੇ ਮਾਮਲਾ ਦਰਜ ਹੋਇਆ ਹੈ। ਮਾਮਲਾ ਚੋਣ ਅਬਜ਼ਰਵਰ ਵੱਲੋਂ ਲਾਈ ਟੀਮ ਦੀ ਡਿਊਟੀ 'ਚ ਵਿਘਣ ਪਾਉਣ ਦਾ ਹੈ। ਕੋਟਭਾਈ ਥਾਣੇ ਦੇ ਵਿਚ ਧਾਰਾ 353, 186, 179b ਆਦਿ ਅਧੀਨ ਮਾਮਲਾ ਦਰਜ ਕੀਤਾ ਗਿਆ।
ਭਦੌੜ 'ਚ 'ਆਪ' ਉਮੀਦਵਾਰ 'ਤੇ ਕਾਂਗਰਸੀਆਂ ਵੱਲੋਂ ਹਮਲਾ
ਪੰਜਾਬ 'ਚ ਵੋਟਾਂ ਦੌਰਾਨ ਕਾਂਗਰਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ 'ਤੇ ਹਮਲਾ ਕਰਨ ਦਾ ਇਲਜ਼ਾਮ ਹੈ। ਇਹ ਹਮਲਾ ਬਰਨਾਲਾ ਜ਼ਿਲ੍ਹੇ ਦੀ ਭਦੌੜ ਸੀਟ ਤੋਂ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ‘ਤੇ ਹੋਇਆ ਹੈ। ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਕਾਂਗਰਸ ਪਾਰਟੀ ਦੇ ਕੁਝ ਵਰਕਰਾਂ ਨੇ ਉਗੋਕੇ ਨੂੰ ਜਾਣ ਵਾਲਾ ਰਸਤਾ ਰੋਕ ਦਿੱਤਾ। ਉਸ ਸਮੇਂ ਕਾਰ ਵਿੱਚ ਲਾਭ ਸਿੰਘ ਉਗੋਕੇ ਖੁਦ ਮੌਜੂਦ ਸਨ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਕਾਂਗਰਸੀ ਵਰਕਰ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸੇ ਦੁਸ਼ਮਣੀ ਵਿੱਚ ਲਾਭ ਸਿੰਘ ਉਗੋਕੇ ਨਾਲ ਇਹ ਕਾਰਾ ਕੀਤਾ ਗਿਆ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਇਸੇ ਕਰਕੇ ਇਹ ਸੂਬੇ ਦੀ ਸਭ ਤੋਂ ਗਰਮ ਵਿਧਾਨ ਸਭਾ ਸੀਟ ਹੈ ਅਤੇ ਮੁਕਾਬਲਾ ਵੀ ਤਿੱਖਾ ਹੈ।