Uttarakhand Election 2022: ਅੱਜ ਉੱਤਰਾਖੰਡ ਦੇ 13 ਜ਼ਿਲ੍ਹਿਆਂ ਵਿੱਚ 70 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈ ਰਹੀਆਂ ਹਨ। ਰਾਜ ਦੇ 81 ਲੱਖ ਵੋਟਰ 632 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਜਿਨ੍ਹਾਂ ਵਿੱਚ 152 ਆਜ਼ਾਦ ਉਮੀਦਵਾਰ ਵੀ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਤੇ ਸ਼ਾਮ ਛੇ ਵਜੇ ਤੱਕ ਜਾਰੀ ਰਹੇਗੀ। ਰਾਜ ਵਿੱਚ ਚੋਣ ਪ੍ਰਚਾਰ ’ਤੇ ਸ਼ਨਿਚਰਵਾਰ ਸ਼ਾਮ ਨੂੰ ਹੀ ਪਾਬੰਦੀ ਲੱਗ ਗਈ ਸੀ।

ਉੱਤਰਾਖੰਡ ਰਾਜ ਦੀ ਸੰਨ 2000 ਵਿਚ ਸਥਾਪਨਾ ਤੋਂ ਬਾਅਦ ਇਹ ਉੱਥੇ ਪੰਜਵੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ। ਅਹਿਮ ਉਮੀਦਵਾਰ ਜਿਨ੍ਹਾਂ ਦਾ ਭਵਿੱਖ ਇਹ ਵੋਟਾਂ ਤੈਅ ਕਰਨਗੀਆਂ, ਉਨ੍ਹਾਂ ਵਿਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੰਤਰੀ ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ ਤੇ ਰੇਖਾ ਆਰਿਆ ਸ਼ਾਮਲ ਹਨ।

ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਕੌਸ਼ਿਕ ਵੀ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਉੱਤਰਾਖੰਡ ਵਿੱਚ ਜਿਹੜੇ ਅਹਿਮ ਚਿਹਰੇ ਚੋਣ ਮੈਦਾਨ ਵਿਚ, ਉਨ੍ਹਾਂ ਵਿਚ ਹਰੀਸ਼ ਰਾਵਤ, ਯਸ਼ਪਾਲ ਆਰਿਆ, ਸੂਬਾ ਪਾਰਟੀ ਪ੍ਰਧਾਨ ਗਣੇਸ਼ ਗੋਡੀਆਲ ਤੇ ਵਿਰੋਧੀ ਧਿਰ ਦੇ ਆਗੂ ਪ੍ਰੀਤਮ ਸਿੰਘ ਸ਼ਾਮਲ ਹਨ। ਸੂਬੇ ਵਿੱਚ ਭਾਜਪਾ, ਕਾਂਗਰਸ, ‘ਆਪ’ ਤੇ ਸਮਾਜਵਾਦੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਚੋਣ ਪ੍ਰਚਾਰ ਕੀਤਾ ਹੈ।

ਭਾਜਪਾ ਉੱਤਰਾਖੰਡ ਵਿਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੋਣ ਪ੍ਰਚਾਰ ਵਿਚ ਭਾਜਪਾ ਨੇ ਆਪਣੀ ਸਰਕਾਰ ਵੱਲੋਂ ਸੜਕ, ਰੇਲ ਤੇ ਹਵਾਈ ਸੰਪਰਕ ਬਿਹਤਰ ਕਰਨ, ਕੇਦਾਰਨਾਥ ਦੀ ਮੁੜ ਉਸਾਰੀ ਆਦਿ ਦਾ ਜ਼ਿਕਰ ਕੀਤਾ ਹੈ। ਜਦਕਿ ਕਾਂਗਰਸ ਸੂਬੇ ਵਿਚ ਆਪਣੀ ਗੁਆਚੀ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਯਤਨ ਕਰ ਰਹੀ ਹੈ। ਪਾਰਟੀ ਨੇ ਚੋਣ ਪ੍ਰਚਾਰ ਵਿਚ ਮਹਿੰਗਾਈ, ਬੇਰੁਜ਼ਗਾਰੀ ਤੇ ਭਾਜਪਾ ਵੱਲੋਂ ਅਚਾਨਕ ਮੁੱਖ ਮੰਤਰੀ ਬਦਲਣ ਦਾ ਮੁੱਦੇ ਉਭਾਰੇ ਹਨ।

ਭਾਜਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 70 ’ਚੋਂ 57 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ ਸਿਰਫ਼ 11 ਸੀਟਾਂ ਉਤੇ ਜਿੱਤ ਮਿਲੀ ਸੀ। ਰਵਾਇਤੀ ਤੌਰ ਉਤੇ ਉੱਤਰਾਖੰਡ ਵਿਚ ਜ਼ਿਆਦਾਤਰ ਦੋ ਪਾਰਟੀਆਂ ਦਾ ਹੀ ਰਾਜ ਰਿਹਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਸਾਰੀਆਂ 70 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ‘ਆਪ’ ਨੇ ਚੋਣ ਪ੍ਰਚਾਰ ਵਿਚ ਪਿਛਲੀਆਂ ਕਾਂਗਰਸ ਤੇ ਭਾਜਪਾ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਉਨ੍ਹਾਂ ’ਤੇ ਲੋਕਾਂ ਦੀਆਂ ਇੱਛਾਵਾਂ ’ਤੇ ਖ਼ਰਾ ਨਾ ਉਤਰਨ ਦਾ ਦੋਸ਼ ਲਾਇਆ ਹੈ।

ਇਸ ਤੋਂ ਇਲਾਵਾ ਪਾਰਟੀ ਨੇ ਸੱਤਾ ਵਿਚ ਆਉਣ ਦੀ ਸੂਰਤ ’ਚ 300 ਯੂਨਿਟ ਮੁਫ਼ਤ ਬਿਜਲੀ, ਮਹਿਲਾਵਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ, ਬੇਰੁਜ਼ਗਾਰੀ ਭੱਤੇ ਸਣੇ ਕਈ ਹੋਰ ਵਾਅਦੇ ਕੀਤੇ ਹਨ। ਸੂਬੇ ਦੀਆਂ 8624 ਥਾਵਾਂ ’ਤੇ 11,697 ਬੂਥ ਬਣਾਏ ਗਏ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904