ਮੁੰਬਈ: ਡਾਇਰੈਕਟਰ ਤੇ ਪ੍ਰੋਡਿਊਸਰ ਏਕਤਾ ਕਪੂਰ ਦਾ ਪਿੱਛਾ ਕਰਨ ਵਾਲਾ ਸ਼ਖ਼ਸ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ। ਇਸ ਸ਼ਖ਼ਸ ਦੀ ਉਮਰ 32 ਸਾਲ ਹੈ ਜੋ ਕਰੀਬ ਮਹੀਨੇ ਤੋਂ ਏਕਤਾ ਕਪੂਰ ਦਾ ਪਿੱਛਾ ਕਰ ਰਿਹਾ ਸੀ। ਇਸ ਆਦਮੀ ਨੂੰ 30 ਤੋਂ ਜ਼ਿਆਦਾ ਵਾਰ ਏਕਤਾ ਪਿੱਛੇ ਮੰਦਰ ਤੇ ਜਿੰਮ ਜਾਣ ਤੋਂ ਰੋਕਿਆ ਗਿਆ ਸੀ। ਇਸ ਕਾਰਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸ਼ਖਸ ਦਾ ਨਾਂ ਸੁਧੀਰ ਰਾਜੇਂਦਰ ਸਿੰਘ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਹੈ। ਏਕਤਾ ਨੇ ਇਸ ਦੀ ਸ਼ਿਕਾਇਤ ਖੁਦ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜੇਂਦਰ, ਏਕਤਾ ਨਾਲ ਦੋਸਤੀ ਕਰਕੇ ਉਸ ਤੋਂ ਕੰਮ ਹਾਸਲ ਕਰਨਾ ਚਾਹੁੰਦਾ ਸੀ। ਪੁਲਿਸ ਅਧਿਕਾਰੀ ਮੁਤਾਬਕ ਏਕਤਾ ਦੇ ਵਾਰ-ਵਾਰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ ਉਹ ਉਸ ਦਾ ਪਿੱਛਾ ਕਰਦਾ ਰਿਹਾ।

ਸੁਧੀਰ ਇੱਥੇ ਪ੍ਰਾਈਵੇਟ ਕੈਬ ਡ੍ਰਾਈਵਰ ਦਾ ਕੰਮ ਕਰਦਾ ਹੈ। ਉਸ ਨੂੰ ਪੁਲਿਸ ਨੇ ਵੀਰ ਦੇਸਾਈ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਜੇ ਜਾਂਚ ਕਰ ਰਹੀ ਹੈ ਕਿ ਸੁਧੀਰ ਨੂੰ ਏਕਤਾ ਬਾਰੇ ਸਾਰੀ ਜਾਣਕਾਰੀ ਕੌਣ ਦਿੰਦਾ ਸੀ। ਪੁਲਿਸ ਨੇ ਕਿਹਾ ਕਿ ਉਹ ਇੱਕ ਚਾਰਜਸ਼ੀਟ ਵੀ ਜਮਾ ਕਰਨਗੇ।