ਆਖਰ ਜੂਹੀ ਚਾਵਲਾ ਨੇ ਕੀਤਾ ਸਪੱਸ਼ਟ, ਅਦਾਲਤੀ ਮੁਕੱਦਮਾ 5G ਵਿਰੁੱਧ ਨਹੀਂ
ਇਸ ਮੰਗਲਵਾਰ ਨੂੰ ਇੱਕ ਵਰਚੁਅਲ ਅਦਾਲਤ ਦੀ ਸੁਣਵਾਈ ਵਾਇਰਲ ਹੋ ਗਈ ਤੇ ਲੋਕਾਂ ਦਾ ਧਿਆਨ ਉਸ ਅਸਲ ਮੁੱਦੇ ਤੋਂ ਲਾਂਭੇ ਹੋ ਗਿਆ, ਜਿਸ ਬਾਰੇ ਫ਼ਿਲਮ ਅਦਾਕਾਰਾ ਜੂਹੀ ਚਾਵਲਾ ਪਿਛਲੇ ਇੱਕ ਦਹਾਕੇ ਤੋਂ ਜਾਗਰੂਕਤਾ ਫੈਲਾ ਰਹੇ ਹਨ।
ਨਵੀਂ ਦਿੱਲੀ: ਇਸ ਮੰਗਲਵਾਰ ਨੂੰ ਇੱਕ ਵਰਚੁਅਲ ਅਦਾਲਤ ਦੀ ਸੁਣਵਾਈ ਵਾਇਰਲ ਹੋ ਗਈ ਤੇ ਲੋਕਾਂ ਦਾ ਧਿਆਨ ਉਸ ਅਸਲ ਮੁੱਦੇ ਤੋਂ ਲਾਂਭੇ ਹੋ ਗਿਆ, ਜਿਸ ਬਾਰੇ ਫ਼ਿਲਮ ਅਦਾਕਾਰਾ ਜੂਹੀ ਚਾਵਲਾ ਪਿਛਲੇ ਇੱਕ ਦਹਾਕੇ ਤੋਂ ਜਾਗਰੂਕਤਾ ਫੈਲਾ ਰਹੇ ਹਨ। ਅਦਾਲਤੀ ਫ਼ੈਸਲੇ ਤੋਂ ਕੁਝ ਘੰਟੇ ਪਹਿਲਾਂ ਫ਼ਿਲਮ ਅਦਾਕਾਰਾ ਤੇ ਵਾਤਾਵਰਣ ਪ੍ਰੇਮੀ ਜੂਹੀ ਚਾਵਲਾ ਨੇ ਸਪੱਸ਼ਟ ਕੀਤਾ ਕਿ ਉਹ ਅਸਲ ਵਿੱਚ 5 ਜੀ ਉੱਤੇ ਪਾਬੰਦੀ ਨਹੀਂ ਲਵਾਉਣਾ ਚਾਹ ਰਹੇ; ਜਿਵੇਂ ਮੀਡੀਆ ਦੇ ਇੱਕ ਵਰਗ ਨੇ ਰਿਪੋਰਟਿੰਗ ਕੀਤੀ ਹੈ।
ਜੂਹੀ ਨੇ ਕਿਹਾ ਇੰਝ ਜਾਪਦਾ ਹੈ ਕਿ ਆਮ ਲੋਕਾਂ ’ਚ ਕੁਝ ਗ਼ਲਤ ਧਾਰਨਾ ਫੈਲ ਗਈ ਹੈ ਤੇ ਲੋਕ ਹੁਣ ਇਹ ਸੋਚਣ ਲੱਗੇ ਹਨ ਕਿ ਸ਼ਾਇਦ ਉਨ੍ਹਾਂ ਦਾ ਇਹ ਮੁਕੱਦਮਾ 5G ਟੈਕਨੋਲੋਜੀ ਦੇ ਵਿਰੁੱਧ ਹੈ। ‘ਅਸੀਂ ਕਿਸੇ ਵੀ ਹਾਲਤ ਵਿੱਚ 5ਜੀ ਤਕਨੀਕ ਦੇ ਵਿਰੁੱਧ ਨਹੀਂ ਹਾਂ। ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਸਰਕਾਰ ਜਨਤਾ ਨੂੰ ਇਹ ਸਪੱਸ਼ਟ ਕਰੇ ਕਿ ਕੀ 5ਜੀ ਟੈਕਨੋਲੋਜੀ ਮਾਨਵਤਾ ਦੇ ਨਾਲ-ਨਾਲ ਸਾਰੇ ਸਜੀਵ ਪ੍ਰਾਣੀਆਂ, ਪਸ਼ੂਆਂ ਤੇ ਪੰਛੀਆਂ ਲਈ ਸੁਰੱਖਿਅਤ ਹੈ ਜਾਂ ਨਹੀਂ।’
ਜੂਹੀ ਚਾਵਲਾ ਨੇ ਦੱਸਿਆ ਕਿ ਉਹ ਰੇਡੀਏਸ਼ਨ ਵਿਰੁੱਧ ਲੰਮੇ ਸਮੇਂ ਤੋਂ ਡਟੇ ਹੋਏ ਹਨ। ਕੋਈ ਵੀ ਇਸ ਦਿਸ਼ਾ ’ਚ ਕੀਤੇ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਲੈ ਸਕਦਾ ਹੈ। ਇਹ ਸਾਰੀ ਜਾਣਕਾਰੀ ਇੰਟਰਨੈੱਟ ਉੱਤੇ ਆਮ ਜਨਤਾ ਲਈ ਉਪਲਬਧ ਹੈ।
ਜੂਹੀ ਚਾਵਲਾ ਨੇ ਇਹ ਵੀ ਦੱਸਿਆ ਕਿ ਉਹ ਸਾਲ 2010 ਤੋਂ ਕਈ ਸਬੰਧਤ ਸਰਕਾਰੀ ਅਥਾਰਟੀਜ਼ ਨੂੰ ਚਿੱਠੀਆਂ ਲਿਖ ਚੁੱਕੇ ਹਨ ਅਤੇ ਸਾਲ 2013-14 ਦੌਰਾਨ ਸੰਸਦ ਦੀ 53ਵੀਂ ਸਥਾਈ ਕਮੇਟੀ ਸਾਹਵੇਂ ਇਸ ਸਬੰਧੀ ਆਪਣੀ ਇੱਕ ਪੇਸ਼ਕਾਰੀ ਵੀ ਪੇਸ਼ ਕਰ ਚੁੱਕੇ ਹਨ। ਮੁੰਬਈ ਹਾਈ ਕੋਰਟ ਵਿੱਚ ਉਨ੍ਹਾਂ ਇਸ ਸਬੰਧੀ ਇੱਕ ਜਨ ਹਿਤ ਪਟੀਸ਼ਨ ਵੀ ਦਾਇਰ ਕੀਤੀ ਸੀ।
ਸਾਲ 2019 ਦੌਰਾਨ ਭਾਰਤ ਸਰਕਾਰ ਦੇ ਦੂਰਸੰਚਾਰ ਮੰਤਰਾਲੇ ਨੇ ਜੂਹੀ ਚਾਵਲਾ ਨੂੰ RTI ਕਾਨੂੰਨ ਅਧੀਨ ਜਵਾਬ ਦਿੱਤਾ ਸੀ ਕਿ RF ਰੇਡੀਏਸ਼ਨ ਨਾਲ ਸਬੰਧਤ ਤਦ ਕੋਈ ਅਧਿਐਨ ਨਹੀਂ ਕੀਤਾ ਜਾ ਰਿਹਾ ਤੇ ਅਜਿਹਾ ਕੋਈ ਅਧਿਐਨ ਅੱਜ ਵੀ ਨਹੀਂ ਹੋ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :