ਨਵੀਂ ਦਿੱਲੀ: ਨਸ਼ਾ ਤੇ ਕਾਨੂੰਨੀ ਚੱਕਰਾਂ 'ਚੋਂ ਗੁਜ਼ਰ ਚੁੱਕੇ ਬਾਲੀਵੁੱਡ ਕਲਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਉਹ ਇੱਕ ਪਿਉ ਹੋਣ ਦੇ ਨਾਤੇ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਮੁੰਡਾ ਉਨ੍ਹਾਂ ਵਰਗਾ ਬਣੇ। ਸੰਜੇ ਦੀ ਅਗਲੀ ਫਿਲਮ 'ਭੂਮੀ' ਹੈ। ਇਸ 'ਚ ਇੱਕ ਪਿਉ ਤੇ ਉਸ ਦੀ ਬੇਟੀ ਦੀ ਕਹਾਣੀ ਵਿਖਾਈ ਗਈ ਹੈ।

ਮਸ਼ਹੂਰ ਕਲਾਕਾਰ ਸੁਨੀਤ ਦੱਤ ਤੇ ਨਰਗਿਸ ਦੇ ਮੁੰਡੇ ਸੰਜੇ ਦੱਤ ਪਹਿਲਾਂ ਨਸ਼ਿਆਂ ਦੇ ਚੱਕਰ 'ਚ ਫਸ ਚੁੱਕੇ ਹਨ। ਇਸ ਕਾਰਨ ਜੇਲ੍ਹ ਵੀ ਜਾ ਚੁੱਕੇ ਹਨ। 1993 'ਚ ਮੁੰਬਈ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਗੈਰ ਕਾਨੂੰਨੀ ਹਥਿਆਰ ਰੱਖਣ 'ਚ ਸੰਜੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਨ੍ਹਾਂ ਧਮਾਕਿਆਂ 'ਚ 250 ਤੋਂ ਵੱਧ ਲੋਕ ਮਾਰੇ ਗਏ ਸਨ।

ਇੱਕ ਪ੍ਰੋਗਰਾਮ 'ਚ ਸੰਜੇ ਦੱਤ ਨੇ ਆਪਣੀ ਜ਼ਿੰਦਗੀ ਤੇ ਸੰਘਰਸ਼ ਬਾਰੇ ਦੱਸਿਆ। ਜਦੋਂ ਸੰਜੇ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਬੱਚਿਆਂ ਦੇ ਪਾਲਣ ਨੂੰ ਲੈ ਕੇ ਆਪਣੇ ਪਿਉ ਨਾਲ ਬਰਾਬਰੀ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੇ ਪਿਉ ਨੇ ਮੈਨੂੰ ਸਧਾਰਨ ਤਰੀਕੇ ਨਾਲ ਪਾਲਿਆ। ਮੈਨੂੰ ਬੋਰਡਿੰਗ ਸਕੂਲ ਭੇਜ ਦਿੱਤਾ ਸੀ। ਮੈਂ ਮਿਹਨਤ ਕਰਕੇ ਇੱਥੇ ਪੁੱਜਿਆ ਹਾਂ।

ਸੰਜੇ ਦੱਤ ਨੇ ਕਿਹਾ, "ਮੈਂ ਉਨ੍ਹਾਂ ਨੂੰ ਜ਼ਿੰਦਗੀ ਦੀ ਕੀਮਤ ਸਿਖਾਉਣ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਨੂੰ ਸੰਸਕਾਰੀ ਬਣਾਉਂਦਾ ਹਾਂ। ਉਨ੍ਹਾਂ ਦਾ ਦੱਸਦਾ ਹਾਂ ਕਿ ਵੱਡਿਆਂ ਦੀ ਇੱਜ਼ਤ ਕਰਨਾ ਬੜਾ ਜ਼ਰੂਰੀ ਹੈ, ਭਾਵੇਂ ਉਹ ਸਾਡੇ ਨੌਕਰ ਹੀ ਕਿਉਂ ਨਾ ਹੋਣ। ਉਨ੍ਹਾਂ ਨੂੰ ਜ਼ਿੰਦਗੀ ਦੀ ਕੀਮਤ ਸਮਝਣੀ ਚਾਹੀਦੀ ਹੈ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਮੇਰਾ ਮੁੰਡਾ ਤੇ ਕੁੜੀ ਮੇਰੇ ਵਰਗੇ ਨਾ ਬਣਨ ਕਿਉਂਕਿ ਮੇਰੇ ਪਿਉ ਜਿਨ੍ਹਾਂ ਕਾਰਨ ਪ੍ਰੇਸ਼ਾਨ ਰਹੇ, ਮੈਂ ਉਨ੍ਹਾਂ ਗੱਲਾਂ ਤੋਂ ਨਹੀਂ ਗੁਜ਼ਰਨਾ ਚਾਹੁੰਦਾ।"