ਕੋਲਕਾਤਾ: ਬਾਲੀਵੁੱਡ ਦੇ ਸੁਪਰ-ਸਟਾਰ ਅਮਿਤਾਭ ਬੱਚਨ ਬੀਤੇ ਹਫ਼ਤੇ ਸ਼ਹਿਰ ਵਿੱਚ ਉਸ ਸਮੇਂ ਚਮਤਕਾਰੀ ਢੰਗ ਨਾਲ ਬਚ ਗਏ ਜਦੋਂ ਉਨ੍ਹਾਂ ਦੀ ਮਰਸਿਡੀਜ਼ ਕਾਰ ਦਾ ਪਿਛਲਾ ਪਹੀਆ ਲਹਿ ਕੇ ਡਿੱਗ ਗਿਆ। ਇਸ ਦੁਰਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੱਛਮੀ ਬੰਗਾਲ ਦੀ ਸਰਕਾਰ ਨੇ ਇਸ ਘਟਨਾ ਤੋਂ ਬਾਅਦ ਉਸ ਟਰੈਵਲ ਏਜੰਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਨੇ ਇਹ ਕਾਰ ਉਪਲਬਧ ਕਰਵਾਈ ਸੀ।
ਦਰਅਸਲ, ਅਮਿਤਾਭ ਬੱਚਨ 23ਵੇਂ ਕੋਲਕਾਤਾ ਕੌਮਾਂਤਰੀ ਫ਼ਿਲਮ ਉਤਸਵ ਦੇ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਏ ਸਨ। ਉਨ੍ਹਾਂ ਲਈ ਸੂਬਾ ਸਰਕਾਰ ਨੇ ਸਮਾਗਮ ਵਾਲੇ ਸਥਾਨ ਤੋਂ ਹਵਾਈ ਅੱਡੇ ਤਕ ਛੱਡਣ ਲਈ ਇਸ ਮਰਸਡੀਜ਼ ਕਾਰ ਨੂੰ ਕਿਰਾਏ 'ਤੇ ਲਿਆ ਸੀ।
ਸਕੱਤਰੇਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਦੋਂ ਬੀਤੇ ਸ਼ਨਿਚਰਵਾਰ ਸਵੇਰ ਅਮਿਤਾਭ ਬੱਚਨ ਨੂੰ ਮੰਬਈ ਰਵਾਨਾ ਕਰਨ ਲਈ ਏਅਰਪੋਰਟ ਜਾਣ ਸਮੇਂ ਡੁਫੇਰਿਨ ਰੋਡ 'ਤੇ ਉਨ੍ਹਾਂ ਦੀ ਕਾਰ ਦਾ ਪਿਛਲਾ ਪਹੀਆ ਕਾਰ ਨਾਲੋਂ ਵੱਖ ਹੋ ਗਿਆ।
ਉਨ੍ਹਾਂ ਕਿਹਾ ਕਿ ਸੀਨੀਅਰ ਅਦਾਕਾਰ ਲਈ ਉਕਤ ਕਾਰ ਇੱਕ ਟਰੈਵਲ ਏਜੰਸੀ ਤੋਂ ਮੰਗਵਾਈ ਗਈ ਸੀ। ਇਸ ਦੇ ਹਾਦਸਗ੍ਰਸਤ ਹੋਣ ਤੋਂ ਬਾਅਦ ਉਕਤ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।