ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਮੁੰਬਈ ਦੇ ਨੇੜੇ ਸੈਰ ਸਪਾਟੇ ਵਾਲੇ ਅਲੀਬਾਗ 'ਚ ਆਪਣੇ ਨਵੇਂ ਬੰਗਲੇ 'ਚ 11 ਨਵੰਬਰ ਨੂੰ 52ਵਾਂ ਜਨਮ ਦਿਨ ਮਨਾਇਆ। ਉਸੇ ਬੰਗਲੇ ਨੂੰ ਲੈ ਕੇ ਉਹ ਇਕ ਨਵੇਂ ਵਿਵਾਦ 'ਚ ਫੱਸਦੇ ਨਜ਼ਰ ਆ ਰਹੇ ਹਨ। ਵਿਵਾਦ ਇਸ ਗੱਲ ਨੂੰ ਲੈ ਕੇ ਹੈ ਕਿ ਜਿਸ ਜ਼ਮੀਨ 'ਤੇ ਸ਼ਾਹਰੁਖ ਨੇ ਬੰਗਲਾ ਬਣਾਇਆ ਹੈ ਉਹ ਖੇਤੀ ਲਈ ਸੁਰੱਖਿਅਤ ਸੀ। ਇਸ ਜ਼ਮੀਨ ਨੂੰ ਖ਼ਰੀਦਣ ਲਈ ਸ਼ਾਹਰੁਖ ਨੇ ਦੇਜਾ ਵੂ ਫਰਮ ਪ੍ਰਾਈਵੇਟ ਲਿਮਟਿਡ ਨਾਂ ਨਾਲ ਇਕ ਕੰਪਨੀ ਸਥਾਪਿਤ ਕੀਤੀ। ਆਪਣੀ ਪਤਨੀ ਗੌਰੀ ਨੂੰ ਇਸ ਦਾ ਐੱਮਡੀ ਬਣਾਇਆ। ਇਸ ਕੰਪਨੀ ਨੂੰ ਸ਼ਾਹਰੁਖ ਦੀ ਕੰਪਨੀ ਰੈੱਡ ਚਿੱਲੀ ਤੋਂ ਅੱਠ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਮਿਲਿਆ।


ਮੁੰਬਈ ਦੇ ਖਾਰ ਇਲਾਕੇ 'ਚ ਜਿੱਥੇ ਸ਼ਾਹਰੁਖ ਖਾਨ ਦਾ ਪਹਿਲਾਂ ਦਫ਼ਤਰ ਹੁੰਦਾ ਸੀ ਉੱਥੇ ਇਸ ਕੰਪਨੀ ਨੂੰ ਸੈੱਟਅਪ ਕੀਤਾ ਗਿਆ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਕੰਪਨੀ ਦੇ ਜ਼ਰੀਏ ਅਲੀ ਬਾਗ ਦੀ ਜ਼ਮੀਨ ਖ਼ਰੀਦਣ ਲਈ ਫਰਜ਼ੀ ਕਾਗਜ਼ਾਤ ਜਮ੍ਹਾਂ ਕਰਾਏ ਗਏ। ਖੇਤੀ ਲਈ ਇਸਤੇਮਾਲ ਹੋਣ ਵਾਲੀ ਜ਼ਮੀਨ ਸਿਰਫ਼ ਕਿਸਾਨ ਨੂੰ ਹੀ ਦਿੱਤੀ ਜਾ ਸਕਦੀ ਹੈ। ਇਸ ਲਈ ਦੋਸ਼ਾਂ ਦੇ ਮੁਤਾਬਿਕ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੂੰ ਕਿਸਾਨ ਦੱਸਣ ਵਾਲੇ ਕਾਗਜ਼ਾਤ ਜਮ੍ਹਾਂ ਕੀਤੇ ਗਏ।

ਅਲੀਬਾਗ ਦੇ ਰਹਿਣ ਵਾਲੇ ਸੁਰਿੰਦਰ ਧਾਵਲੇ ਨਾਂ ਦੇ ਸਮਾਜਿਕ ਵਰਕਰ ਨੇ ਇਹ ਮਾਮਲਾ ਉਠਾਇਆ ਹੈ। ਉਨ੍ਹਾਂ ਨੇ 11 ਜਨਵਰੀ, 2017 ਨੂੰ ਇਸ ਸਿਲਸਿਲੇ 'ਚ ਪੁਲਿਸ 'ਚ ਕੇਸ ਦਰਜ ਕਰਾਇਆ। ਮਾਮਲੇ ਦੀ ਜਾਂਚ ਸ਼ੁਰੂ ਹੋਈ ਪਰ ਅੱਗੇ ਨਹੀਂ ਵਧੀ। ਧਾਵਲੇ ਚਾਹੁੰਦੇ ਹਨ ਕਿ ਛੇਤੀ ਨਾਲ ਜਾਂਚ ਅੱਗੇ ਵਧੇ ਅਤੇ ਤੇਜ਼ੀ ਨਾਲ ਪੂਰੀ ਹੋਵੇ।

ਖ਼ੁਦ ਨੂੰ ਕਿਸਾਨ ਦੱਸ ਕੇ ਖੇਤੀ ਦੀ ਜ਼ਮੀਨ ਲੈਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਕਈ ਸਾਲ ਪਹਿਲਾਂ ਅਮਿਤਾਭ ਬੱਚਣ ਵੀ ਅਜਿਹੇ ਇਕ ਵਿਵਾਦ ਵਿਚ ਆ ਗਏ ਸਨ ਜਦੋਂ ਪੁਣੇ ਨੇੜੇ ਉਨ੍ਹਾਂ ਨੇ ਕਿਸਾਨ ਹੋਣ ਦੇ ਨਾਂ 'ਤੇ ਸਰਕਾਰੀ ਜ਼ਮੀਨ ਲਈ ਸੀ। ਮੀਡੀਆ 'ਚ ਵਿਵਾਦ ਵੱਧ ਜਾਣ 'ਤੇ ਉਨ੍ਹਾਂ ਨੇ ਜ਼ਮੀਨ ਸਰਕਾਰ ਨੂੰ ਵਾਪਸ ਕਰ ਦਿੱਤੀ ਸੀ।
ਇਨਸੈੱਟ

ਸਫ਼ਾਈ ਦੇਣ ਤੋਂ ਇਨਕਾਰ-

- ਸ਼ਾਹਰੁਖ ਖਾਨ ਦੀ ਟੀਮ ਨੇ ਇਸ ਵਿਵਾਦ ਨੂੰ ਲੈ ਕੇ ਕੋਈ ਸਫ਼ਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

- ਦੱਸਿਆ ਜਾ ਰਿਹਾ ਹੈ ਕਿ ਰੈੱਡ ਚਿੱਲੀ ਦੀ ਕਾਨੂੰਨ ਜਾਣਕਾਰਾਂ ਦੀ ਟੀਮ ਮਾਮਲੇ ਦਾ ਅਧਿਐਨ ਕਰ ਰਹੀ ਹੈ।

- ਇਸ ਟੀਮ ਦਾ ਰੁਖ਼ ਜਾਣਨ ਦੇ ਬਾਅਦ ਹੀ ਸ਼ਾਹਰੁਖ ਦਾ ਪੱਖ ਮੀਡੀਆ ਦੇ ਸਾਹਮਣੇ ਰੱਖਿਆ ਜਾਵੇਗਾ।