Delhi Election Result 2025: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਹੀ ਸਿਆਸਤ ਵਿੱਚ ਹਲਚਲ ਮੱਚ ਗਈ ਅਤੇ ਇਹ ਸਪੱਸ਼ਟ ਹੈ ਕਿ 27 ਸਾਲਾਂ ਬਾਅਦ, ਭਾਜਪਾ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਵਾਪਸੀ ਕਰ ਰਹੀ ਹੈ। ਇਸ ਦੇ ਨਾਲ ਹੀ, ਦਿੱਲੀ ਵਿੱਚ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਨੂੰ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਰਵਿੰਦ ਕੇਜਰੀਵਾਲ ਜਿਨ੍ਹਾਂ ਨਤੀਜਿਆਂ ਦੀ ਉਮੀਦ ਕਰ ਰਹੇ ਸਨ, ਉਹ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।


ਅਰਵਿੰਦ ਕੇਜਰੀਵਾਲ ਦੀ ਪਾਰਟੀ 62 ਤੋਂ 22 ਵਿੱਚ ਸਿਮਟ ਚੁੱਕੀ ਹੈ ਤਾਂ ਇਸਦੇ ਨਾਲ ਹੀ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਨਤੀਜਿਆਂ ਦੇ ਰੁਝਾਨ ਆਉਂਦੇ ਹੀ 3 ਬਾਲੀਵੁੱਡ ਦਿੱਗਜਾਂ ਨੇ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਸਿਤਾਰਿਆਂ ਵਿੱਚੋਂ, ਅਨੁਪਮ ਖੇਰ, ਪਰੇਸ਼ ਰਾਵਲ ਅਤੇ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਮਸ਼ਹੂਰ ਭੋਜਪੁਰੀ-ਬਾਲੀਵੁੱਡ ਫਿਲਮ ਅਦਾਕਾਰ ਰਵੀ ਕਿਸ਼ਨ ਨੇ ਪ੍ਰਤੀਕਿਰਿਆ ਦਿੱਤੀ ਹੈ। ਤਾਂ ਆਓ ਜਾਣਦੇ ਹਾਂ ਕਿਸਨੇ ਕੀ ਕਿਹਾ।


ਰਵੀ ਕਿਸ਼ਨ ਨੇ ਕੀ ਕਿਹਾ?


ਰਵੀ ਕਿਸ਼ਨ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ 'ਆਪ' 'ਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਝੂਠ ਦੀ ਗੰਦੀ ਰਾਜਨੀਤੀ ਦਾ ਪਤਨ ਹੋਣਾ ਜ਼ਰੂਰੀ ਸੀ।


ਪਰੇਸ਼ ਰਾਵਲ ਨੇ ਕਾਂਗਰਸ ਦੀ ਹਾਰ 'ਤੇ ਇਸ ਤਰ੍ਹਾਂ ਦਿੱਤੀ ਪ੍ਰਤੀਕਿਰਿਆ


ਬਾਲੀਵੁੱਡ ਦੇ ਦਿੱਗਜ ਅਦਾਕਾਰ ਪਰੇਸ਼ ਰਾਵਲ ਨੇ ਵੀ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਟਵੀਟ ਨੂੰ ਰੀਪੋਸਟ ਕਰਦੇ ਹੋਏ ਲਿਖਿਆ, "ਇੱਕ ਮਾਂ ਦਾ ਦਰਦ ਸਮਝੋ, ਨਾ ਤਾਂ ਬਹੂ ਮਿਲਦੀ ਹੈ ਅਤੇ ਨਾ ਹੀ ਬਹੁਮਤ ਮਿਲਦਾ ਹੈ।"


ਅਨੁਪਮ ਖੇਰ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ


ਅਨੁਪਮ ਖੇਰ ਨੇ ਵੀ ਅਰਵਿੰਦ ਕੇਜਰੀਵਾਲ ਦੀ ਹਾਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਤੰਜ ਕੱਸਦੇ ਹੋਏ ਲਿਖਿਆ, "ਵੈਸੇ ਤਾਂ ਕਿਸੇ ਨੂੰ ਦੁੱਖ ਦੇਣਾ ਠੀਕ ਨਹੀਂ ਹੈ, ਪਰ ਜਿਨ੍ਹਾਂ ਨਾਲ ਘੋਰ ਬੇਇਨਸਾਫ਼ੀ ਹੋਈ ਹੈ! ਉਨ੍ਹਾਂ 'ਤੇ ਹੱਸਣਾ, ਉਨ੍ਹਾਂ ਦੇ ਦਰਦ ਦਾ ਮਜ਼ਾਕ ਉਡਾਉਣਾ, ਉਨ੍ਹਾਂ ਦੀ ਆਤਮਾ ਨੂੰ ਦੁੱਖ ਪਹੁੰਚਾਉਣਾ, ਇਹ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਨਾ ਹੁੰਦਾ ਹੈ!! ਅਤੇ ਫਿਰ... ਉਸ ਦੁੱਖੀ ਆਤਮਾ ਵਿੱਚੋਂ ਨਾ ਚਾਹੁੰਦੇ ਹੋਏ ਵੀ ਇੱਕ  'ਆਹ' ਨਿਕਲਦੀ! ਅਤੇ ਉਹੀ ਅੱਗੇ ਜਾ ਕੇ ਇੱਕ 'ਸ਼ਰਾਪ' ਦਾ ਰੂਪ ਧਾਰਨ ਕਰਦੀ ਹੈ!



ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਮੁਸਕਰਾਉਂਦੀ ਫੋਟੋ ਦੀ ਵਰਤੋਂ ਕਰਦੇ ਹੋਏ ਲਿਖਿਆ, "ਇਸ ਫੋਟੋ ਦੇ ਲੋਕਾਂ ਨਾਲ ਸ਼ਾਇਦ ਅਜਿਹਾ ਹੀ ਹੋਇਆ ਹੈ!" ਇਹ ਵਿਧੀ ਦਾ ਵਿਧਾਨ ਹੈ! ਜਿਸ ਦਿਨ ਦਿੱਲੀ ਦੀ ਵਿਧਾਨ ਸਭਾ ਵਿੱਚ ਇਨ੍ਹਾਂ ਲੋਕਾਂ ਦੇ ਠਹਾਕੇ ਲੱਗੇ ਸੀ!! ਉਸ ਦਿਨ, ਲੱਖਾਂ ਕਸ਼ਮੀਰੀ ਪੰਡਿਤਾਂ ਨੇ ਖੂਨ ਅਤੇ ਬੇਵਸੀ ਦੇ ਹੰਝੂ ਵਹਾਏ ਸੀ!


ਕੇਜਰੀਵਾਲ ਦੀ ਹਾਰ 'ਤੇ KRK ਨੇ ਕੀਤਾ ਵੱਡਾ ਦਾਅਵਾ


ਕੇਆਰਕੇ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਦਿੱਲੀ ਵਿੱਚ ਹੋਈ ਅਰਵਿੰਦ ਕੇਜਰੀਵਾਲ ਦੀ ਹਾਰ 'ਤੇ ਚੁਟਕੀ ਲਈ ਹੈ। ਕੇਆਰਕੇ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, “ਅਰਵਿੰਦ ਕੇਜਰੀਵਾਲ ਖੁਦ ਵੀ ਦਿੱਲੀ ਤੋਂ ਹਾਰ ਗਏ! ਅਤੇ ਕਾਂਗਰਸ ਹੁਣ ਪੰਜਾਬ ਵਿੱਚ ਅਗਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਰਾ ਦੇਵੇਗੀ। ਅਤੇ ਫਿਰ ਅਰਵਿੰਦ ਕੇਜਰੀਵਾਲ ਭਾਜਪਾ ਵਿੱਚ ਸ਼ਾਮਲ ਹੋਣਗੇ! ਕਿਉਂਕਿ ਕੇਜਰੀਵਾਲ ਵੀ ਮੋਦੀ ਜੀ ਵਾਂਗ ਹੀ ਚਲਾਕ ਹੈ।


ਆਪਣੀ ਸੀਟ ਵੀ ਨਹੀਂ ਬਚਾ ਸਕੇ ਅਰਵਿੰਦ ਕੇਜਰੀਵਾਲ 


ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਨਾ ਸਿਰਫ਼ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਸਗੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਨਹੀਂ ਬਚਾ ਸਕੇ। ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਸਨ ਜਿੱਥੇ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।