ਦੇਹਰਾਦੂਨ: ਰਾਜਪੂਤ ਜਥੇਬੰਦੀ ਕਰਨੀ ਸੈਨਾ ਨੇ ਕਿਹਾ ਹੈ ਕਿ ਜੇਕਰ 25 ਜਨਵਰੀ ਨੂੰ ਫ਼ਿਲਮ 'ਪਦਮਾਵਤ' ਰਿਲੀਜ਼ ਹੋਈ ਤਾਂ ਫ਼ਿਲਮ ਬਣਾਉਣ ਵਾਲਿਆਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਕੁਝ ਸੀਨ 'ਤੇ ਕੱਟ ਲਾ ਕੇ ਤੇ ਫ਼ਿਲਮ ਦਾ ਨਾਂ ਥੋੜ੍ਹਾ ਬਦਲ ਕੇ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ਵਿੱਚ ਇਹ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਹਾਲਾਂਕਿ ਰਾਜਸਥਾਨ ਸਰਕਾਰ ਨੇ ਫ਼ਿਲਮ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ ਹੈ।


ਕਰਨੀ ਸੈਨਾ ਦੇ ਪ੍ਰਧਾਨ ਲੋਕੇਂਦਰ ਸਿੰਘ ਨੇ ਕਿਹਾ ਕਿ ਉਹ ਫ਼ਿਲਮ ਦੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੂੰ ਵਿੱਤੀ ਤੌਰ 'ਤੇ ਘਾਟਾ ਪਾਉਣਗੇ ਤੇ ਉਨ੍ਹਾਂ ਦੀ ਮੰਗ ਫ਼ਿਲਮ ਨੂੰ ਬੈਨ ਕਰਨ ਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਸੈਂਸਰ ਬੋਰਡ ਤੋਂ ਵੀ ਮੰਗ ਕੀਤੀ ਕਿ ਉਹ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਣ। ਉਨ੍ਹਾਂ ਧਮਕੀ ਵਾਲੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੋਈ ਤਾਂ ਕਰਫ਼ਿਊ ਵਰਗੇ ਹਾਲਾਤ ਹੋ ਜਾਣਗੇ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਇਸ ਵਿਰੋਧ ਕਾਰਨ ਪਾਕਿਸਤਾਨ ਤੋਂ ਧਮਕੀ ਵਾਲੇ ਫੋਨ ਆ ਰਹੇ ਹਨ। ਇਸ ਦੀ ਲੋਕੇਸ਼ਨ ਲਾਹੌਰ ਕੋਲ ਨਿਕਲੀ ਹੈ। ਇਸ ਤੋਂ ਪਹਿਲਾਂ ਕਲਵੀ ਨੇ ਆਪਣੀ ਜਥੇਬੰਦੀ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਤੇ ਪਹਾੜੀ ਸੂਬੇ ਵਿੱਚ ਫ਼ਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ।