ਚੰਡੀਗੜ੍ਹ: ਗਿੱਪੀ ਗਰੇਵਾਲ ਦੀ ਇਸ ਸਾਲ ਦੀ ਦੂਜੀ ਫ਼ਿਲਮ ਹੋਵੇਗੀ ਉਨ੍ਹਾਂ ਦੀ ਪਹਿਲਾਂ ਆਈ ਸੁਪਰਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਦਾ ਸੀਕੂਅਲ ਯਾਨੀ ‘ਕੈਰੀ ਆਨ ਜੱਟਾ-2’। ਗਿੱਪੀ ਦੀ ਇਹ ਫ਼ਿਲਮ ਜੂਨ ‘ਚ ਆਵੇਗੀ। ਗਿੱਪੀ ਨੇ ਇਸ ਫ਼ਿਲਮ ਦਾ ਐਲਾਨ ਕੁਝ ਮਹੀਨੇ ਪਹਿਲਾਂ ਹੀ ਕੀਤਾ ਸੀ। ਇਸ ਫ਼ਿਲਮ ਨੇ ਲੋਕਾਂ ਦੀ ਪੰਜਾਬੀ ਫ਼ਿਲਮਾਂ ਬਾਰੇ ਸੋਚ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਸੀ। ‘ਕੈਰੀ ਆਨ ਜੱਟਾ’ ਹੁਣ ਤੱਕ ਦੀ ਬੈਸਟ ਕਾਮੇਡੀ ਫ਼ਿਲਮਾਂ ਵਿੱਚੋਂ ਇੱਕ ਹੈ।

 

ਇਸ ਦੇ ਨਾਲ ਹੀ ਇਹ ਫ਼ਿਲਮ ਪਾਲੀਵੁੱਡ ਇੰਡਸਟਰੀ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸੀ। ਫ਼ਿਲਮ ਦੇ ਸਾਰੇ ਕਿਰਦਾਰਾਂ ਨੇ ਮੂਵੀ ਲਈ ਕਾਫੀ ਮਿਹਨਤ ਕੀਤੀ ਸੀ ਤੇ ਮੂਵੀ ਨੂੰ ਇਕ ਮੁਕਾਮ ‘ਤੇ ਪਹੁੰਚਾਇਆ ਸੀ। ਹੁਣ ਫ਼ਿਲਮ ਦਾ ਸੀਕੂਅਲ ਆਉਣ ਵਾਲਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ ਸੋਨਮ ਬਾਜਵਾ ਲੀਡ ਰੋਲ ਕਰਦੀ ਨਜ਼ਰ ਆਵੇਗੀ।



ਗਿੱਪੀ ਤੇ ਸੋਨਮ ਤੋਂ ਅਲਾਵਾ ਫ਼ਿਲਮ ‘ਚ ਕਾਮੇਡੀ ਕਿੰਗ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਮਰਜੀਤ ਅਨਮੋਲ, ਬੀ.ਐਨ ਸ਼ਰਮਾ ਤੇ ਉਪਾਸਨਾ ਸਿੰਘ ਨਜ਼ਰ ਆਉਣਗੇ। ਫ਼ਿਲਮ 1 ਜੂਨ, 2018 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਤੋਂ ਪਹਿਲਾਂ ਵੀ ਸੋਨਮ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਹਾਊਸ ਨਾਲ 2017 ਦੀ ਫ਼ਿਲਮ ‘ਮੰਜੇ ਬਿਸਤਰੇ’ ਕਰ ਚੁੱਕੀ ਹੈ। ਦੋਵਾਂ ਦੀ ਜੋੜੀ ਸਕਰੀਨ ‘ਤੇ ਦੂਜੀ ਵਾਰ ਨਜ਼ਰ ਆਵੇਗੀ।



ਇਸ ਤੋਂ ਪਹਿਲਾਂ ਵੀ ਘੁੱਗੀ, ਬੀਨੂੰ ਢਿੱਲੋਂ ਤੇ ਭੱਲਾ ‘ਕੈਰੀ ਆਨ ਜੱਟਾ’ ‘ਚ ਨਜ਼ਰ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਫ਼ਿਲਮ ਦੇ ਪੋਸਟਰ ਨੂੰ ਸ਼ੇਅਰ ਕੀਤਾ ਹੈ। ਫ਼ਿਲਮ ਦੀ ਕਾਸਟ ਬਲੈਕ ਐਂਡ ਗੋਲਡਨ ਕਲਰ ਦੀ ਆਉਟਫੀਟ ‘ਚ ਨਜ਼ਰ ਆ ਰਹੀ ਹੈ। ਫ਼ਿਲਮ ਸਮੀਪ ਕੰਗ ਨੇ ਡਾਇਰੈਕਟ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਫ਼ਿਲਮ ਇਸ ਵਾਰ ਵੀ ਲੋਕਾਂ ਨੂੰ ਹਸਾਉਣ ‘ਚ ਕੋਈ ਕਮੀ ਨਹੀਂ ਛੱਡੇਗੀ। ਬੱਸ ਹੁਣ ਜੇਕਰ ਇੰਤਜਾਰ ਹੈ ਤਾਂ 1 ਜੂਨ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ।