ਮੁੰਬਈ: ਅੱਜ 30 ਅਪ੍ਰੈਲ ਨੂੰ ਦਾਦਾ ਸਾਹਿਬ ਫਾਲਕੇ ਦਾ ਜਨਮ ਦਿਨ ਹੈ। ਇਸ ਲਈ ਗੂਗਲ ਨੇ ਵੀ ਉਨ੍ਹਾਂ ਨੂੰ ਡੂਡਲ ਬਣਾ ਕੇ ਯਾਦ ਕੀਤਾ। ਫਾਲਕੇ ਸਾਹਿਬ ਨੇ ਆਪਣੇ 19 ਸਾਲ ਦੇ ਕਰੀਅਰ ‘ਚ 95 ਫ਼ਿਲਮਾਂ ਤੇ 26 ਲਘੂ ਫ਼ਿਲਮਾਂ ਬਣਾਈਆਂ। ਦਾਦਾ ਸਾਹਿਬ ਫਾਲਕੇ 16 ਫਰਵਰੀ, 1944 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ।
ਫਾਲਕੇ ਦੀ ਜ਼ਿੱਦ ਕਰਕੇ ਹੀ ਇੰਡੀਅਨ ਫ਼ਿਲਮ ਇੰਡਸਟਰੀ ਦੀ ਸ਼ੁਰੂਆਤ ਹੋਈ। ਫਾਲਕੇ ਸਾਹਿਬ ਦਾ ਅਸਲ ਨਾਂ ਸੀ ਧੁੰਡਿਰਾਜ ਗੋਵਿੰਦ ਫਾਲਕੇ ਜੋ ਬ੍ਰਾਹਮਣ ਪਰਿਵਾਰ ‘ਚ ਪੈਦਾ ਹੋਏ। ਪੜ੍ਹਾਈ ਛੱੜ ਕੇ ਫਾਲਕੇ ਨੇ ਮੁੰਬਈ ‘ਚ ਨਾਟਕ ਕੰਪਨੀ ‘ਚ ਕੰਮ ਕਰਨਾ ਸ਼ੁਰੂ ਕੀਤਾ ਤੇ ਖ਼ੁਆਬ ਦੇਖਿਆ ਭਾਰਤੀ ਫ਼ਿਲਮ ਬਣਾਉਣ ਦਾ।
ਪਹਿਲਾਂ ਦਾਦਾ ਸਾਹਿਬ ਤੋਰਨੇ ਨੇ ‘ਸ਼੍ਰੀ ਪੁੰਡਲੀਕ’ ਨਾਟਕ ਦੀ ਰਿਕਾਰਡਿੰਗ ਕੀਤੀ ਜਿਸ ਨੂੰ ਸਿਨੇਮਾਘਰਾਂ ‘ਚ ਦਿਖਾਇਆ ਵੀ ਗਿਆ। ਪਹਿਲਾਂ ਇਸ ਦੀ ਨਾਨ-ਸਟੋਪ ਰਿਕਾਰਡਿੰਗ ਕੀਤੀ ਗਈ, ਪਰ ਫਾਲਕੇ ਸਾਹਬ ਨੂੰ ਮਜ਼ਾ ਨਹੀਂ ਆਇਆ ਤਾਂ ਫ਼ਿਲਮ ਦਾ ਇੱਕ-ਇੱਕ ਸੀਨ ਸ਼ੂਟ ਕੀਤਾ ਗਿਆ ਤੇ ਇਸ ਨੂੰ ਨੈਗਟਿਵ ‘ਚ ਤਬਦੀਲ ਕਰਨ ਲਈ ਲੰਦਨ ਭੇਜਿਆ ਗਿਆ। ਫ਼ਿਲਮ ਪੂਰੇ 22 ਮਿੰਟ ਦੀ ਬਣੀ, ਰਿਲੀਜ਼ ਹੋਈ ਤੇ ਦੋ ਹਫਤੇ ਤੱਕ ਸਿਨੇਮਾਘਰਾਂ ‘ਚ ਲੱਗੀ ਵੀ।
ਇਸ ਤੋਂ ਇੱਕ ਸਾਲ ਬਾਅਦ ਬਾਅਦ ਦਾਦਾ ਸਾਹਿਬ ਫਾਲਕੇ ਨੇ ‘ਰਾਜਾ ਹਰੀਸ਼ਚੰਦਰ' ਫ਼ਿਲਮ ਬਣਾਈ, ਜੋ 3 ਮਈ, 1913 ‘ਚ ਰਿਲੀਜ਼ ਹੋਈ। ਇਸ ਫ਼ਿਲਮ ‘ਤੇ ਕਾਫੀ ਵਿਵਾਦ ਵੀ ਹੋਇਆ। ਬਾਅਦ 'ਚ ਇੱਸ ਗੱਲ 'ਤੇ ਵਿਵਾਦ ਹੋਇਆ ਕਿ ਦੋਵਾਂ ਵਿੱਚੋਂ ਕਿਸ ਫ਼ਿਲਮ ਨੂੰ ਭਾਰਤ ਦੀ ਪਹਿਲੀ ਫ਼ਿਲਮ ਮੰਨਿਆ ਜਾਵੇ। ਵਿਵਾਦ ਇੰਨਾ ਲੰਬਾ ਚੱਲਿਆ ਕਿ 2013 ‘ਚ ਡਾਇਰੈਕਟਰ ਵਿਕਾਸ ਪਾਟਿਲ ਤੇ ਦਾਦਾ ਸਾਹਿਬ ਤੋਰਨੇ ਦੇ ਪਰਿਵਾਰ ਨੇ ਪਹਿਲੀ ਫ਼ਿਲਮ ਨੂੰ ਲੈ ਕੇ ਮੁੰਬਈ ਹਾਈਕੋਰਟ ‘ਚ ਕੇਸ ਕੀਤਾ। ਪਾਟਿਲ ਨੇ ਸਬੂਤ ਦੇ ਤੌਰ ‘ਤੇ 100 ਸਾਲ ਪਹਿਲਾਂ ਦੇ ਅਖ਼ਬਾਰਾਂ ਦੀ ਕਟਿੰਗ ਵੀ ਪੇਸ਼ ਕੀਤੀ।
ਸਮਾਂ ਬਦਲਿਆ ਪਰ ਫਾਲਕੇ ਬਦਲਦੇ ਸਮੇਂ ਨਾਲ ਖੁਦ ਨੂੰ ਬਦਲ ਨਾ ਸਕੇ। ਇਸ ਕਾਰਨ ਟਾਕੀਜ਼ ਫ਼ਿਲਮਾਂ ਦੀ ਸ਼ੁਰੂਆਤ ਤੋਂ ਉਨ੍ਹਾਂ ਦਾ ਸਫ਼ਰ ਖ਼ਤਮ ਹੋ ਗਿਆ। ਦਾਦਾ ਸਾਹਿਬ ਫਾਲਕੇ ਦੇ ਸਨਮਾਣ ‘ਚ ਭਾਰਤ ਸਰਕਾਰ ਨੇ 1969 ‘ਚ ਕਲਾਕਾਰਾਂ ਨੂੰ ਹਰ ਸਾਲ ਉਨ੍ਹਾਂ ਦੇ ਫ਼ਿਲਮੀ ਇੰਡਸਟਰੀ ਨੂੰ ਦਿੱਤੇ ਯੋਗਦਾਨ ‘ਤੇ ਦਾਦਾ ਸਾਹਿਬ ਫਾਲਕੇ ਐਵਾਰਡ ਦੇਣ ਦਾ ਫੈਸਲਾ ਲਿਆ।
ਇਸੇ ਲਈ ਇਸ ਐਵਾਰਡ ਨੂੰ ਫ਼ਿਲਮ ਇੰਡਸਟਰੀ ਦੇ ਐਵਾਰਡਸ ਦਾ ਪਿਓ ਕਿਹਾ ਜਾਂਦਾ ਹੈ। 1969 ਤੋਂ ਹੁਣ ਤੱਕ ਕਰੀਬ 50 ਕਲਾਕਾਰਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਫਾਲਕੇ ਸਾਹਿਬ ਦੇ ਚਿਹਰੇ ਦਾ ਪੋਸਟਲ ਸਟੈਂਪ ਵੀ 1971 ‘ਚ ਸ਼ੁਰੂ ਕੀਤਾ ਗਿਆ ਸੀ।