ਮੁੰਬਈ: ਹੇਮਾ ਮਾਲਿਨੀ ਦੀ ਜ਼ਿੰਦਗੀ 'ਤੇ ਲਿਖੀ ਕਿਤਾਬ 'ਬੀਓਂਡ ਦ ਡ੍ਰੀਮਜ਼' 'ਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਕਈ ਨਵੀਂਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਕਿਤਾਬ ਨੂੰ ਪੱਤਰਕਾਰ ਰਾਮਕਮਲ ਜੀਵਨ ਨੇ ਲਿਖਿਆ ਹੈ। ਕਿਤਾਬ ਦੀਪਿਕਾ ਪਾਦੁਕੋਣ ਨੇ ਰਿਲੀਜ਼ ਕੀਤੀ। ਇਸ ਦਾ ਪਹਿਲਾ ਪੇਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਹੈ। ਰਿਲੀਜ਼ ਫੰਕਸ਼ਨ ਦੌਰਾਨ ਹੇਮਾ ਮਾਲਿਨੀ ਤੇ ਦੀਪਿਕਾ ਨੇ ਇਸ ਮੌਕੇ ਖੁੱਲ੍ਹ ਕੇ ਗੱਲਾਂ ਕੀਤੀਆਂ।


ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਨੇ ਸਨੀ ਤੇ ਬੌਬੀ ਦਿਓਲ ਬਾਰੇ ਵੀ ਗੱਲ ਕੀਤੀ। ਹੇਮਾ ਨੇ ਕਿਹਾ, "ਮੇਰੇ ਰਿਸ਼ਤੇ ਸਨੀ ਤੇ ਬੌਬੀ ਨਾਲ ਵੀ ਕਾਫੀ ਚੰਗੇ ਹਨ। ਜਦ ਮੇਰਾ ਐਕਸੀਡੈਂਟ ਹੋਇਆ ਸੀ ਤਾਂ ਸਨੀ ਪਹਿਲੇ ਇਨਸਾਨ ਸਨ ਜੋ ਮੈਨੂੰ ਵੇਖਣ ਆਏ। ਸਨੀ ਨੇ ਉਨ੍ਹਾਂ ਦਿਨਾਂ 'ਚ ਮੇਰਾ ਕਾਫੀ ਖਿਆਲ ਰੱਖਿਆ।"

ਹੇਮਾ ਨੇ ਇਸ ਮੌਕੇ 'ਤੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਵੀ ਯਾਦ ਕੀਤਾ ਤੇ ਦੱਸਿਆ ਕਿ ਇੱਕ ਜ਼ਮਾਨੇ 'ਚ ਉਨ੍ਹਾਂ ਨੂੰ ਫਿਲਮੀ ਦੁਨੀਆ ਤੋਂ ਰਿਜੈਕਟ ਕਰ ਦਿੱਤਾ ਗਿਆ ਸੀ। ਹੇਮਾ ਮੁਤਾਬਕ ਉਨ੍ਹਾਂ ਨੂੰ ਸਾਉਥ ਦੀਆਂ ਫਿਲਮਾਂ 'ਚ ਐਂਟਰੀ ਵੀ ਨਹੀਂ ਮਿਲੀ। ਹੇਮਾ ਨੇ ਕਿਹਾ ਕਿ ਦੀਪਿਕਾ ਅੱਜ ਦੀ ਡ੍ਰੀਮ ਗਰਲ ਹੈ।

ਹੇਮਾ ਵੱਲੋਂ ਦੀਪਿਕਾ ਨੂੰ ਡ੍ਰੀਮ ਗਰਲ ਦੱਸੇ ਜਾਣ ਤੋਂ ਬਾਅਦ ਦੀਪਿਕਾ ਨੇ ਕਿਹਾ ਕਿ ਉਹ ਸਿਰਫ 12 ਜਮਾਤਾਂ ਪੜ੍ਹੀ ਹੈ। ਉਸ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਹੋਰ ਪੜ੍ਹੇ ਪਰ ਉਸ ਦੇ ਮਨ ਵਿੱਚ ਕੁਝ ਹੋਰ ਹੀ ਸੀ। ਇਸ ਮੌਕੇ 'ਤੇ ਅਮਿਤਾਭ ਬੱਚਨ, ਸ਼ਾਹਰੁਖ ਖਾਨ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਮੌਜੂਦ ਸਨ।