ਮੁੰਬਈ- ਬਾਲੀਵੁੱਡ ਫਿਲਮ ‘ਹਿੰਦੀ ਮੀਡੀਅਮ’ ਦੀ ਸਫਲਤਾ ਤੋਂ ਬਾਅਦ ਹੁਣ ਸਿਦਾ ਦੂਜਾ ਹਿੱਸਾ ਵੀ ਬਣੇਗਾ। ਇਸਦੇ ਲਈ ਨਿਰਦੇਸ਼ਨ ਹੋਮੀ ਅਦਜਾਨੀਆ ਵੱਲੋਂ ਕੀਤਾ ਜਾਵੇਗਾ। ਇਸ ’ਚ ਮੁੱਖ ਭੂਮਿਕਾ ਇਰਫ਼ਾਨ ਖ਼ਾਨ ਵੱਲੋਂ ਨਿਭਾਈ ਜਾਵੇਗੀ।
ਫਿਲਮ ’ਚ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਵੀ ਸਨ ਪਰ ਹੁਣ ਫਿਲਮ ਦੇ ਦੂਜੇ ਹਿੱਸੇ ’ਚ ਉਸ ਨੂੰ ਸ਼ਾਮਲ ਕਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਦਜਾਨੀਆ ਨੇ ਕਿਹਾ ਕਿ ਉਨ੍ਹਾਂ ਦਿਨੇਸ਼ ਵਿਜਨ ਨਾਲ ‘ਹਿੰਦੀ ਮੀਡੀਅਮ’ ਦੀ ਕਹਾਣੀ ਸੁਣੀ ਸੀ ਜੋ ਕਾਫ਼ੀ ਪਸੰਦ ਆਈ। ਉਨ੍ਹਾਂ ਕਿਹਾ ਕਿ ਲੇਖਕਾਂ ਨੇ ਜਿਸ ਢੰਗ ਨਾਲ ਕਹਾਣੀ ਨੂੰ ਅੱਗੇ ਵਧਾਇਆ ਹੈ, ਉਹ ਹੁਸ਼ਿਆਰੀ ਦਾ ਕੰਮ ਹੈ। ਅਦਜਾਨੀਆ ਨੇ ਦਿਨੇਸ਼ ਨੂੰ ਉਸੇ ਸਮੇਂ ਆਖ ਦਿੱਤਾ ਸੀ ਕਿ ਜੇਕਰ ਫਿਲਮ ਦੇ ਦੂਜੇ ਹਿੱਸੇ ਲਈ ਕੋਈ ਨਿਰਦੇਸ਼ਕ ਨਹੀਂ ਹੈ ਤਾਂ ਉਹ ਪ੍ਰਾਜੈਕਟ ’ਤੇ ਕੰਮ ਕਰਨ ਲਈ ਤਿਆਰ ਹਨ।
ਵਿਜਨ ਅਤੇ ਅਦਜਾਨੀਆ ਨੇ ਪਹਿਲਾਂ ‘ਬੀਇੰਗ ਸਾਇਰਸ’ ਅਤੇ ‘ਕਾਕਟੇਲ’ ’ਚ ਰਲ ਕੇ ਕੰਮ ਕੀਤਾ ਹੈ। ‘ਹਿੰਦੀ ਮੀਡੀਅਮ’ ਦਾ ਨਿਰਦੇਸ਼ਨ ਸਾਕੇਤ ਚੌਧਰੀ ਨੇ ਕੀਤਾ ਸੀ ਜਿਸ ਦੀ ਕਹਾਣੀ ਜੋੜੇ ਦੁਆਲੇ ਘੁੰਮਦੀ ਹੈ ਜੋ ਆਪਣੀ ਧੀ ਨੂੰ ਬਿਹਤਰੀਨ ਸਿੱਖਿਆ ਦੇਣਾ ਚਾਹੁੰਦਾ ਹੈ ਤਾਂ ਜੋ ਕੁਲੀਨ ਵਰਗ ਉਸ ਨੂੰ ਸਵੀਕਾਰ ਕਰ ਸਕੇ।