ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਅਲੀ ਬਾਗ਼ ਦੇ ਫਾਰਮ ਹਾਊਸ ਨੂੰ ਇਨਕਮ ਟੈਕਸ ਵਿਭਾਗ ਨੇ ਸੀਲ ਕਰ ਦਿੱਤਾ ਹੈ। ਸ਼ਾਹਰੁਖ਼ ਦੇ ਫਾਰਮ ਹਾਊਸ 'ਤੇ ਇਹ ਕਾਰਵਾਈ ਇਨਕਮ ਟੈਕਸ ਵਿਭਾਗ ਨੇ ਬੇਨਾਮੀ ਪ੍ਰਾਪਰਟੀ ਦੇ ਲੈਣ-ਦੇਣ ਕਾਨੂੰਨ ਤਹਿਤ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਸ਼ਾਹਰੁਖ਼ ਖ਼ਾਨ ਨੂੰ ਇਸ ਮਾਮਲੇ ਵਿੱਚ ਨੋਟਿਸ ਵੀ ਭੇਜਿਆ ਹੈ। ਇਸ ਦਾ ਜਵਾਬ ਦੇਣ ਲਈ ਉਨ੍ਹਾਂ ਨੂੰ 90 ਦਿਨਾਂ ਦਾ ਵਕਤ ਦਿੱਤਾ ਗਿਆ ਹੈ।

ਸ਼ਾਹਰੁਖ਼ ਖ਼ਾਨ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਖੇਤੀ ਦੀ ਜ਼ਮੀਨ 'ਤੇ ਫਾਰਮ ਹਾਊਸ ਬਣਾਇਆ ਹੈ। ਮਹਾਰਾਸ਼ਟਰ ਦੇ ਕਾਨੂੰਨ ਮੁਤਾਬਕ ਅਜਿਹਾ ਕਰਨਾ ਗ਼ਲਤ ਹੈ। ਅਲੀ ਬਾਗ਼ ਵਿੱਚ ਸ਼ਾਹਰੁਖ਼ ਦਾ ਇਹ ਫਾਰਮ ਹਾਊਸ ਕਰੀਬ 20,000 ਵਰਗ ਮੀਟਰ ਵਿੱਚ ਹੈ। ਇਸ ਕੀਮਤ 14.67 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਖ਼ਬਰ ਹੈ ਕਿ ਸ਼ਾਹਰੁਖ਼ ਨੇ ਜਿਸ ਜ਼ਮੀਨ 'ਤੇ ਫਾਰਮ ਹਾਊਸ ਬਣਾਇਆ ਹੈ, ਉਸ ਨੂੰ ਉਨ੍ਹਾਂ ਨੇ ਖੇਤੀ ਕਰਨ ਵਾਸਤੇ ਖ਼ਰੀਦਿਆ ਸੀ। ਇਸ ਮਾਮਲੇ ਵਿੱਚ ਜਦੋਂ 'ਏਬੀਪੀ ਨਿਊਜ਼' ਦੀ ਟੀਮ ਨੇ ਸ਼ਾਹਰੁਖ਼ ਖ਼ਾਨ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਟੀਮ ਨੇ ਇਸ ਖ਼ਬਰ ਨੂੰ ਗ਼ਲਤ ਵੀ ਨਹੀਂ ਦੱਸਿਆ।