Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਥੱਪੜ ਸਕੈਂਡਲ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ ਤੋਂ ਬਾਅਦ ਸੰਸਦ ਮੈਂਬਰ ਹੋਰ ਨਵੇਂ ਵਿਵਾਦਾਂ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਇਸ ਵਿਚਾਲੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਖਿਲਾਫ ਇਕ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਹੈ।


ਵਿਅਕਤੀ ਦਾ ਦਾਅਵਾ ਹੈ ਕਿ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਉਸ ਦਾ ਨਾਮਜ਼ਦਗੀ ਪੱਤਰ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਕੰਗਨਾ ਰਣੌਤ ਨੂੰ ਨੋਟਿਸ ਭੇਜ ਕੇ 21 ਅਗਸਤ ਤੱਕ ਜਵਾਬ ਮੰਗਿਆ ਹੈ। ਉਸ ਦਾ ਨਾਂ ਲਾਇਕ ਰਾਮ ਨੇਗੀ ਹੈ ਜੋ ਕੰਗਨਾ ਰਣੌਤ ਦੀ ਸੀਟ ਨੂੰ ਲੈ ਕੇ ਖਤਰਾ ਬਣ ਗਿਆ ਹੈ।



ਚੋਣ ਰੱਦ ਕਰਨ ਦੀ ਮੰਗ ਕੀਤੀ


ਪਟੀਸ਼ਨ ਤੋਂ ਬਾਅਦ ਜਸਟਿਸ ਜਯੋਤਸਨਾ ਰੇਵਾਲ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਇਸ ਮਾਮਲੇ 'ਤੇ 21 ਅਗਸਤ ਤੱਕ ਜਵਾਬ ਦੇਣ। ਤੁਹਾਨੂੰ ਦੱਸ ਦੇਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਦਾਕਾਰਾ ਨੇ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਰਣੌਤ ਦੀ ਚੋਣ ਰੱਦ ਕਰਨ ਦੀ ਮੰਗ ਕਰਦਿਆਂ ਪਟੀਸ਼ਨਰ ਲਾਇਕ ਰਾਮ ਨੇਗੀ ਨੇ ਕਿਹਾ ਕਿ ਰਿਟਰਨਿੰਗ ਅਫਸਰ ਵੱਲੋਂ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਗਲਤ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਧਿਰ ਬਣਾਇਆ ਗਿਆ ਹੈ। ਇਹ ਦੋਸ਼ ਕਾਫੀ ਗੰਭੀਰ ਹਨ ਅਤੇ ਅਦਾਲਤ ਇਸ 'ਤੇ ਪੂਰਾ ਧਿਆਨ ਦੇ ਰਹੀ ਹੈ।


ਕਈ ਦੋਸ਼ ਲਗਾਏ


ਲਾਇਕ ਰਾਮ ਨੇਗੀ ਜੋ ਕਿ ਜੰਗਲਾਤ ਵਿਭਾਗ ਦਾ ਸਾਬਕਾ ਕਰਮਚਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਸੀ ਅਤੇ ਇਸ ਲਈ ਉਸ ਨੇ ਰਿਟਰਨਿੰਗ ਅਫਸਰ ਨੂੰ ਆਪਣੇ ਨਾਮਜ਼ਦਗੀ ਫਾਰਮ ਦੇ ਨਾਲ ਵਿਭਾਗ ਤੋਂ ਕੋਈ ਬਕਾਇਆ ਨਾ ਹੋਣ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਸੀ। ਲਾਇਕ ਰਾਮ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਕਾਗਜ਼ ਇਸ ਸਮੇਂ ਸਵੀਕਾਰ ਕਰ ਲਏ ਜਾਂਦੇ ਤਾਂ ਉਹ ਕੰਗਨਾ ਰਣੌਤ ਨੂੰ ਹਰਾ ਕੇ ਚੋਣ ਜਿੱਤ ਸਕਦੇ ਸਨ।