ਬਠਿੰਡਾ: ਬਤੌਰ ਨਿਰਮਾਤਾ ਪਹਿਲੀ ਫ਼ਿਲਮ 'ਲਾਵਾਂ ਫੇਰੇ' ਲੈ ਕੇ ਆ ਰਹੇ ਮਸ਼ਹੂਰ ਪੰਜਾਬੀ ਗਾਇਕ ਤੇ ਕਾਮੇਡੀਅਨ ਕਰਮਜੀਤ ਅਨਮੋਲ ਨੇ ਪੰਜਾਬੀ ਗਾਇਕੀ ਵਿੱਚ ਅਸ਼ਲੀਲਤਾ ਤੇ ਹਥਿਆਰਾਂ ਦੇ ਬੋਲਬਾਲਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਗੀਤਕਾਰਾਂ ਤੇ ਗਾਇਕਾਂ ਨਾਲ ਕੀਤਾ ਜਾ ਰਿਹਾ ਤਾਲਮੇਲ ਚੰਗਾ ਕਦਮ ਹੈ। ਅਨਮੋਲ ਨੇ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੋਣਾ ਚਾਹੀਦਾ ਹੈ ਨਾ ਕਿ ਬਦਮਾਸ਼ੀ ਦਾ ਤੜਕਾ।

ਅਨਮੋਲ ਨੇ ਕਿਹਾ ਕਿ ਲੋਕ ਮਾੜੇ ਗੀਤਾਂ ਦਾ ਪ੍ਰਚਾਰ ਕਰਕੇ ਖੁਦ ਹੀ ਉਸ ਨੂੰ ਹੁਲਾਰਾ ਦਿੰਦੇ ਹਨ ਜਦਕਿ ਚੰਗੇ ਗੀਤਾਂ ਤੇ ਗਾਇਕਾਂ ਬਾਰੇ ਲੋਕਾਂ ਨੂੰ ਯਾਦ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹਰੇਕ ਚੀਜ਼ ਜਦੋਂ ਅੱਤ ਤੱਕ ਪਹੁੰਚਦੀ ਹੈ ਤਾਂ ਅੱਤ ਦਾ ਆਖਰ ਅੰਤ ਹੋਣਾ ਹੀ ਹੁੰਦਾ ਹੈ।

ਨਿਰਮਾਤਾ ਵਜੋਂ ਪਹਿਲੀ ਫ਼ਿਲਮ 'ਲਾਵਾਂ ਫੇਰੇ' ਬਾਰੇ ਅਨਮੋਲ ਕਾਫੀ ਉਤਸ਼ਾਹਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਿੰਦੀ ਬੋਲਣ ਵਾਲੇ ਲੋਕਾਂ ਦਾ ਵੀ ਝੁਕਾਅ ਪੰਜਾਬੀ ਫਿਲਮਾਂ ਵੱਲ ਹੈ। ਉਸ ਦਾ ਕਾਰਨ ਇਹ ਵੀ ਹੈ ਕਿ ਪੰਜਾਬੀ ਫ਼ਿਲਮਾਂ ਵਿੱਚ ਅਸ਼ਲੀਲਤਾ ਨਹੀਂ ਹੁੰਦੀ ਤੇ ਪਰਿਵਾਰ ਵਿੱਚ ਬੈਠ ਕੇ ਦੇਖਣਯੋਗ ਹੁੰਦੀਆਂ ਹਨ।

ਕਰਮਜੀਤ ਅਨਮੋਲ ਦੇ ਨਾਲ ਨਾਲ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ ਤੇ ਹੋਰ ਕਲਾਕਾਰਾਂ ਨੇ ਵੀ ਫਿਲਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਪਰਿਵਾਰਕ ਫਿਲਮ ਹੈ ਤੇ ਹਰ ਇੱਕ ਨੂੰ ਆਪਣੇ ਹੀ ਘਰ ਦੀ ਕਹਾਣੀ ਮਹਿਸੂਸ ਹੋਏਗੀ।