ਮੁੰਬਈ: 'ਭੂਮੀ', 'ਹਸੀਨਾ ਪਾਰਕਰ', 'ਨਿਊਟਨ' ਤੇ 'ਦ ਫਾਈਨਲ ਐਗਜ਼ਿਟ' ਅੱਜ ਦੇਸ਼ ਭਰ ਵਿੱਚ ਫਿਲਮੀ ਘਰਾਂ 'ਚ ਰਿਲੀਜ਼ ਹੋ ਰਹੀ ਹੈ। 'ਭੂਮੀ' ਸੰਜੇ ਦੱਤ ਦੀ ਕਮਬੈਕ ਫਿਲਮ ਹੈ। ਫਿਲਮ ਨੂੰ ਓਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਨਿਰਮਾਤਾ ਭੂਸ਼ਣ ਕੁਮਾਰ ਹਨ। ਇਹ ਫਿਲਮ ਪਿਉ-ਧੀ ਦੇ ਭਾਵੁਕ ਰਿਸ਼ਤਿਆਂ 'ਤੇ ਅਧਾਰਤ ਹੈ। ਫਿਲਮ 'ਚ ਅਦਿਤੀ ਰਾਵ ਹੈਦਰੀ, ਸ਼ੇਖਰ ਸੁਮਨ ਤੇ ਸ਼ਰਦ ਕੇਲਕਰ ਦੀ ਖਾਸ ਭੂਮਿਕਾ ਹੈ।



'ਹਸੀਨਾ ਪਾਰਕਰ' ਮੁੰਬਈ ਬੰਬ ਧਮਾਕਿਆਂ ਦਾ ਮੁਲਜ਼ਮ ਤੇ ਪਾਕਿਸਤਾਨ 'ਚ ਲੁਕੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ 'ਤੇ ਬਣਾਈ ਗਈ ਹੈ। ਇਸ ਨੂੰ ਅਪੂਰਵ ਲਾਖਿਆ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸ਼ਰਧਾ ਕਪੂਰ ਦਾਊਦ ਦੀ ਭੈਣ ਹਸੀਨਾ ਪਾਰਕਰ ਦਾ ਕਿਰਦਾਰ ਨਿਭਾਅ ਰਹੀ ਹੈ ਜਦਕਿ ਸਿਧਾਂਤ ਕਪੂਰ ਦਾਊਦ ਇਬਰਾਹਿਮ ਦਾ ਕਿਰਦਾਰ ਨਿਭਾਅ ਰਹੇ ਹਨ।



ਅਮਿਤ ਮਸੁਰਕਰ ਵੱਲੋਂ ਡਾਇਰੈਕਟ ਕੀਤੀ 'ਨਿਊਟਨ' ਨੂਤਨ ਕੁਮਾਰ ਤੋਂ ਨਿਊਟਨ ਬਣੇ ਉਸ ਚੋਣ ਅਧਿਕਾਰੀ ਦੀ ਕਹਾਣੀ ਹੈ, ਜਿਹੜਾ ਨਕਸਲ ਪ੍ਰਭਾਵਤ ਪਿੰਡ 'ਚ 76 ਲੋਕਾਂ ਦੀ ਵੋਟ ਪੂਰੀ ਕਰਵਾਉਣ ਲਈ ਜਾਂਦਾ ਹੈ। ਫਿਲਮ ਦੇਸ਼ 'ਚ ਚੋਣ ਤਰੀਕਿਆਂ 'ਤੇ ਗੱਲ ਕਰਦੀ ਹੈ। ਰਾਮਕੁਮਾਰ ਰਾਵ ਤੋਂ ਇਲਾਵਾ ਪੰਕਜ ਤ੍ਰਿਪਾਠੀ, ਅੰਜਲੀ ਪਾਟਿਲ ਤੇ ਰਘੁਬੀਰ ਯਾਦਵ ਇਸ ਫਿਲਮ 'ਚ ਹਨ।



ਐਕਟਰ ਕੁਨਾਰ ਰਾਏ ਕਪੂਰ ਦੀ ਫਿਲਮ ‘The Final Exit’ ਵੀ ਅੱਜ ਰਿਲੀਜ਼ ਹੋ ਰਹੀ ਹੈ। ਇਹ ਇਕ ਹੌਰਰ ਫਿਲਮ ਹੈ ਜਿਸ 'ਚ ਕੁਨਾਲ ਉਲਝੀਆਂ ਭੇਤਾਂ ਨੂੰ ਸੁਲਝਾਉਂਦੇ ਵਿਖਾਈ ਦੇਣਗੇ।