ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ 'ਅਜੋਕਾ ਥੀਏਟਰ' ਦੀ ਸੰਸਥਾਪਕ ਮਦੀਹਾ ਗੌਹਰ ਇਸ ਸੰਸਾਰ ‘ਤੇ ਨਹੀਂ ਰਹੇ। 21 ਸਤੰਬਰ, 1956 ਨੂੰ ਕਰਾਚੀ ਵਿੱਚ ਜਨਮੀ ਮਦੀਹਾ ਨੇ 25 ਅਪ੍ਰੈਲ, 2018 ਨੂੰ ਲਾਹੌਰ ਵਿਖੇ ਆਖ਼ਰੀ ਸਾਹ ਲਏ। ਮਦੀਹਾ ਗੌਹਰ ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।


 

ਮਦੀਹਾ ਗੌਹਰ ਨੇ 1984 ‘ਚ ਅਜੋਕਾ ਥਿਏਟਰ ਦੀ ਸ਼ੁਰੂਆਤ ਕੀਤੀ ਤੇ ਕਰੀਬ ਤਿੰਨ ਦਰਜਨ ਨਾਟਕਾਂ ਦੀ ਨਿਰਦੇਸ਼ਨਾ ਕੀਤੀ। ਅਜੋਕਾ ਥਿਏਟਰ ਨਾਲ ਮਦੀਹਾ ਗੌਹਰ ਨੇ ਪਾਕਿਸਤਾਨ ਤੋਂ ਇਲਾਵਾ ਕਈ ਹੋਰ ਦੇਸ਼ਾਂ ਜਿਵੇਂ ਭਾਰਤ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਤੇ ਯੂਰਪ ‘ਚ ਅਨੇਕਾਂ ਨਾਟਕਾਂ ਦਾ ਮੰਚਨ ਕੀਤਾ।

ਗੌਹਰ ਦੇ ਜ਼ਿਆਦਾਤਰ ਨਾਟਕ ਉਨ੍ਹਾਂ ਦੇ ਪਤੀ ਸ਼ਾਹਿਦ ਨਦੀਮ ਵੱਲੋਂ ਲਿਖੇ ਹੁੰਦੇ ਸਨ। ਉਨ੍ਹਾਂ ਦਾ ਸਭ ਤੋਂ ਵਧੀਆ ਨਾਟਕ ਸੂਫ਼ੀ ਕਵੀ ਬੁੱਲ੍ਹੇ ਸ਼ਾਹ 'ਤੇ ਆਧਾਰਤ 'ਬੁੱਲ੍ਹਾ' ਸਮਝਿਆ ਜਾਂਦਾ ਹੈ। 1990 ਦੇ ਦਹਾਕੇ ਦੌਰਾਨ ਮਦੀਹਾ ਦੇ ਥੀਏਟਰ ਗਰੁੱਪ 'ਅਜੋਕਾ' ਦੇ ਨਾਂ ਨੂੰ ਹਰ ਆਮ ਤੇ ਖ਼ਾਸ ਇਨਸਾਨ ਜਾਣਨ ਲੱਗ ਗਿਆ ਸੀ।

ਅੱਜ ਤੋਂ ਸੱਤ ਕੁ ਸਾਲ ਪਹਿਲਾਂ ਜਦ ਉਨ੍ਹਾਂ ਦੇ ਗਰੁੱਪ ਨੂੰ ਭਾਰਤ ਦਾ ਵੀਜ਼ਾ ਨਹੀਂ ਸੀ ਮਿਲਿਆ ਤਾਂ ਉਹ ਬਹੁਤ ਦੁਖੀ ਹੋਏ ਸਨ। ਉਨ੍ਹਾਂ ਦਾ ਨਾਟਕ 'ਮੇਰਾ ਰੰਗ ਦੇ ਬਸੰਤੀ ਚੋਲਾ' ਨੂੰ ਮੇਲਾ ਗ਼ਦਰੀ ਬਾਬਿਆਂ ਦਾ, ਜਲੰਧਰ ਵਿੱਚ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ।

ਮਦੀਹਾ ਗੌਹਰ ਨੂੰ ਮਿਲੇ ਸਨਮਾਨ-

ਮਦੀਹਾ ਨੂੰ ਆਪਣੀਆਂ ਪ੍ਰਾਪਤੀਆਂ ਬਦਲੇ ਕਈ ਸਨਮਾਨ ਹਾਸਲ ਹੋਏ ਹਨ। 2006 ‘ਚ ਮਦੀਹਾ ਨੂੰ ਪ੍ਰਿੰਸ ਕਲਾਊਜ਼ ਐਵਾਰਡ ਨਾਲ ਨੀਦਰਲੈਂਡ ‘ਚ ਸਨਮਾਨਿਤ ਕੀਤਾ ਗਿਆ। 2007 ‘ਚ ਉਨ੍ਹਾਂ ਨੂੰ ਇੰਟਰਨੈਸ਼ਨਲ ਥਿਏਟਰ ਪਾਸਤਾ ਐਵਾਰਡ ਨਾਲ ਨਿਵਾਜਿਆ ਗਿਆ। 2014 ‘ਚ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਫ਼ਾਤਿਮਾ ਜਿਨ੍ਹਾ ਐਵਾਰਡ ਦਿੱਤਾ ਗਿਆ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਤਗ਼ਮਾ-ਏ-ਇਮਤਿਆਜ਼ ਐਵਾਰਡ ਨਾਲ ਵੀ ਨਿਵਾਜਿਆ ਹੋਇਆ ਹੈ।

ਗੌਹਰ ਤੇ ਭਾਰਤ-ਪਾਕਿ ਸਬੰਧ-

ਮਦੀਹਾ ਗੌਹਰ ਨੇ ਆਪਣੇ ਨਾਟਕਾਂ ਰਾਹੀਂ ਹਿੰਦ-ਪਾਕਿ ਦੋਸਤੀ ਦੀ ਨੁੰਮਾਇੰਦਗੀ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਦੋਵਾਂ ਮੁਲਕਾਂ ਦੇ ਲੋਕਾਂ ਨੇ ਮਦੀਹਾ ਦੇ ਸੰਸਾਰ ਨੂੰ ਅਲਵਿਦਾ ਕਹਿਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕਲਾ ਜਗਤ ਦੇ ਲੋਕਾਂ ਨੇ ਕਿਹਾ ਕਿ ਮਦੀਹਾ ਗੌਹਰ ਦੇ ਜਾਣ ਨਾਲ ਕਲਾ ਖੇਤਰ ‘ਚ ਇੱਕ ਵੱਡਾ ਘਾਟਾ ਪਿਆ ਹੈ। ਬੇਸ਼ੱਕ ਮਦੀਹਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਨਾਟਕ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਹਿਰਦ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿਣਗੇ।