Maidaan Teaser: ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਜੋ ਕਿ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਭੋਲਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜੀ ਹਾਂ ਉਨ੍ਹਾਂ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ 'ਭੋਲਾ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਲੋਕ ਅਜੇ ਦੇਵਗਨ ਦੀ ਐਕਟਿੰਗ ਦੀ ਵੀ ਤਾਰੀਫ ਕਰ ਰਹੇ ਹਨ। ਟਵਿੱਟਰ 'ਤੇ ਵੀ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ। ਲੋਕ ਇਸ ਫ਼ਿਲਮ ਨੂੰ ਪੂਰਾ ਪੈਸਾ ਵਸੂਲ ਫ਼ਿਲਮ ਕਹਿ ਰਹੇ ਹਨ।


ਅਜੇ ਦੇਵਗਨ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼


ਇਸ ਦੌਰਾਨ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਜੇ ਦੇਵਗਨ ਨੇ ਵਾਅਦੇ ਮੁਤਾਬਕ ਆਪਣੀ ਆਉਣ ਵਾਲੀ ਫ਼ਿਲਮ 'ਮੈਦਾਨ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਮੈਦਾਨ ਦਾ ਟੀਜ਼ਰ ਭੋਲਾ ਦੇ ਨਾਲ ਸਿਨੇਮਾ ਹਾਲਾਂ ਵਿੱਚ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਅਜੇ ਦੇਵਗਨ ਫੁੱਟਬਾਲ ਖੇਡ ਦੇ ਸੁਨਹਿਰੀ ਦੌਰ ਦੀ ਕਹਾਣੀ ਬਿਆਨ ਕਰਦੇ ਨਜ਼ਰ ਆ ਰਹੇ ਨੇ। ਇਸ ਤੋ ਇਲਾਵਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਟੀਜ਼ਰ ਦੇ ਲਿੰਕ ਨੂੰ ਸ਼ੇਅਰ ਕੀਤਾ ਹੈ।


'ਮੈਦਾਨ' ਦਾ ਸ਼ਾਨਦਾਰ ਟੀਜ਼ਰ


'ਮੈਦਾਨ' ਦਾ 1 ਮਿੰਟ ਅਤੇ 31 ਸਕਿੰਟ ਦਾ ਟੀਜ਼ਰ ਹੇਲਸਿੰਕੀ ਓਲੰਪਿਕ ਮੈਦਾਨ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਭਾਰਤੀ ਖਿਡਾਰੀ ਮੀਂਹ 'ਚ ਫੁੱਟਬਾਲ ਮੈਚ ਖੇਡਦੇ ਨਜ਼ਰ ਆ ਰਹੇ ਹਨ। ਇਸ ਓਲੰਪਿਕ ਮੈਚ ਵਿੱਚ ਉਨ੍ਹਾਂ ਸਾਹਮਣਾ ਯੂਗੋਸਲਾਵੀਅਨ ਖਿਡਾਰੀ ਨਾਲ ਹੁੰਦਾ ਹੈ। ਇਸ ਟੀਜ਼ਰ 'ਚ ਭਾਰਤੀ ਖਿਡਾਰੀ ਭਾਰੀ ਮੀਂਹ 'ਚ ਬਿਨਾਂ ਜੁੱਤੀਆਂ ਦੇ ਮੈਚ ਖੇਡਦੇ ਨਜ਼ਰ ਆ ਰਹੇ ਹਨ। ਟੀਜ਼ਰ ਦੇ ਅਖੀਰ ਵਿੱਚ ਅਜੇ ਦੇਵਗਨ ਇਮੋਸ਼ਨਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਵਗਦੇ ਹੋਏ ਦਿਖਾਈ ਦੇ ਰਹੇ ਹਨ। ਟੀਜ਼ਰ ਦੇਖਕੇ ਹਰ ਕੋਈ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾ ਰਿਹਾ ਹੈ।


ਭਾਰਤੀ ਫੁੱਟਬਾਲ ਦਾ ਸੁਨਹਿਰੀ ਦੌਰ 


ਟੀਜ਼ਰ ਵਿੱਚ 1952 ਤੋਂ 1962 ਤੱਕ ਦੇ ਸੁਨਹਿਰੀ ਦੌਰ ਨੂੰ ਦਰਸਾਇਆ ਗਿਆ ਹੈ, ਜਦੋਂ ਭਾਰਤੀ ਫੁੱਟਬਾਲ ਖਿਡਾਰੀਆਂ ਦਾ ਸੁਨਹਿਰੀ ਦੌਰ ਸੀ। ਜਿੱਥੇ ਉਹ ਸ਼ਾਨਦਾਰ ਗੋਲ ਕਰਦੇ ਨਜ਼ਰ ਆ ਰਹੇ ਹਨ। ਅਸਲ ਵਿੱਚ, ਮੈਦਾਨ ਇੱਕ ਅਣਗੌਲੇ ਹੀਰੋ ਦੀ ਸੱਚੀ ਕਹਾਣੀ ਹੈ ਜਿਸਨੇ ਭਾਰਤ ਲਈ ਫੁੱਟਬਾਲ ਵਿੱਚ ਇਤਿਹਾਸ ਅਤੇ ਰਿਕਾਰਡ ਰਚਿਆ, ਜਿਸਦੀ ਬਰਾਬਰੀ 60 ਸਾਲਾਂ ਵਿੱਚ ਵੀ ਨਹੀਂ ਹੋ ਸਕੀ। ਫ਼ਿਲਮ 'ਚ ਅਜੇ ਨੇ ਫੁੱਟਬਾਲ ਕੋਚ ਸਈਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਈ ਹੈ। 


ਟੀਜ਼ਰ ਦੇਖਣ ਤੋਂ ਬਾਅਦ ਦਰਸ਼ਕਾਂ ਵਿੱਚ ਇਸ ਫ਼ਿਲਮ ਨੂੰ ਲੈ ਕੇ ਉਤਸੁਕਤਾ ਵੱਧ ਗਈ ਹੈ। ਦੱਸ ਦਈਏ ਇਹ ਫ਼ਿਲਮ 23 ਜੂਨ 2023 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।