Death Threat to Salman Khan: ਮੁੰਬਈ ਪੁਲਿਸ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਮੁੰਬਈ ਪੁਲਿਸ ਦੀ ਇਕ ਟੀਮ ਨੇ ਜਮਸ਼ੇਦਪੁਰ ਤੋਂ ਉਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਸਲਮਾਨ ਖਾਨ ਨੂੰ ਧਮਕੀ ਦੇ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਮੁੰਬਈ ਪੁਲਿਸ ਮੁਤਾਬਕ ਮੁੰਬਈ ਟਰੈਫਿਕ ਪੁਲਿਸ ਨੂੰ ਧਮਕੀ ਭਰਿਆ ਸੰਦੇਸ਼ ਮਿਲਿਆ ਸੀ। ਇਹ ਸੁਨੇਹਾ ਮਿਲਣ ਮਗਰੋਂ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਨੇ ਕਿਹਾ, "ਜਮਸ਼ੇਦਪੁਰ ਵਿੱਚ ਸਥਾਨਕ ਪੁਲਿਸ ਦੀ ਮਦਦ ਨਾਲ ਜਾਂਚ ਕੀਤੀ ਗਈ ਅਤੇ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਉਸਨੂੰ ਮੁੰਬਈ ਲਿਆਂਦਾ ਜਾਵੇਗਾ।"
18 ਅਕਤੂਬਰ ਨੂੰ ਮਿਲੀ ਸੀ ਧਮਕੀ
ਦੱਸ ਦੇਈਏ ਕਿ ਮੁੰਬਈ ਪੁਲਿਸ ਦੁਆਰਾ ਜਿਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੇ 21 ਅਕਤੂਬਰ ਨੂੰ ਮਾਫੀਨਾਮਾ ਮੇਲ ਵੀ ਭੇਜਿਆ ਸੀ। ਇਸ 'ਚ ਉਸ ਨੇ 18 ਅਕਤੂਬਰ ਨੂੰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਮੈਸੇਜ ਦੀ ਗੱਲ ਕੀਤੀ ਹੈ। ਉਸ ਨੇ ਕਿਹਾ ਸੀ ਕਿ ਧਮਕੀ ਭਰਿਆ ਸੰਦੇਸ਼ ਗਲਤੀ ਨਾਲ ਭੇਜਿਆ ਗਿਆ ਸੀ।'' ਦਰਅਸਲ, ਪਹਿਲਾ ਧਮਕੀ ਭਰਿਆ ਸੰਦੇਸ਼ 18 ਅਕਤੂਬਰ ਨੂੰ ਮੁੰਬਈ ਟ੍ਰੈਫਿਕ ਪੁਲਿਸ ਦੇ ਕੰਟਰੋਲ ਰੂਮ ਨੰਬਰ 'ਤੇ ਭੇਜਿਆ ਗਿਆ ਸੀ। ਕੁਝ ਦਿਨਾਂ ਬਾਅਦ ਮੁੰਬਈ ਟ੍ਰੈਫਿਕ ਪੁਲਿਸ ਨੂੰ ਉਸੇ ਨੰਬਰ ਤੋਂ ਇਕ ਹੋਰ ਸੰਦੇਸ਼ ਮਿਲਿਆ। ਜਿਸ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਮੁਆਫੀ ਮੰਗੀ ਅਤੇ ਦਾਅਵਾ ਕੀਤਾ ਕਿ ਸੰਦੇਸ਼ ਗਲਤੀ ਨਾਲ ਭੇਜਿਆ ਗਿਆ ਸੀ।
ਖੁਦ ਨੂੰ ਲਾਰੈਂਸ ਦਾ ਕਰੀਬੀ ਦੱਸਦਿਆਂ ਮੰਗੇ 5 ਕਰੋੜ
ਮੁੰਬਈ ਪੁਲਿਸ ਮੁਤਾਬਕ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਮੈਸੇਜ ਭੇਜਣ ਵਾਲੇ ਵਿਅਕਤੀ ਦੀ ਲੋਕੇਸ਼ਨ ਝਾਰਖੰਡ ਵਿੱਚ ਮਿਲੀ ਹੈ। ਉਸ ਨੇ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਕਰੀਬੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਫਿਰੌਤੀ ਦੀ ਰਕਮ ਨਾ ਦਿੱਤੀ ਗਈ ਤਾਂ ਉਹ ਸਲਮਾਨ ਨੂੰ ਮਾਰ ਦੇਣਗੇ। ਉਸ ਨੇ ਅੱਗੇ ਲਿਖਿਆ ਕਿ ਇਸ ਨੂੰ ਹਲਕੇ 'ਚ ਨਾ ਲਓ, ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੈਂਸ ਬਿਸ਼ਨੋਈ ਨਾਲ ਆਪਣੀ ਦੁਸ਼ਮਣੀ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦੇਣੇ ਪੈਣਗੇ। ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ।