ਮੁੰਬਈ: ਸਾਲ 2017 'ਚ ਮੇਟ ਗਾਲਾ ਦੇ ਰੈੱਡ ਕਾਰਪੈੱਟ ਤੋਂ ਸ਼ੁਰੂ ਹੋਈ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਾਸ ਦੀ ਦੋਸਤੀ ਹੁਣ ਪਿਆਰ 'ਚ ਬਦਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਆਪਣੇ ਦੋਸਤ ਨਿਕ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਭਾਰਤ ਲੈ ਕੇ ਆਈ ਹੈ। ਇਸ ਦੌਰਾਨ ਨਿਕ ਜੋਨਾਸ ਦੀ ਸਾਬਕਾ ਪ੍ਰੇਮਿਕਾ ਡੇਲਟਾ ਗੁਡਰੇਮ ਵੱਲੋਂ ਵੀ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ।


'ਨਾਓ ਟੂ ਲਵ ਡਾਟ ਕਾਮ' ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਨਿਕ ਦੀ ਸਾਬਕਾ ਪ੍ਰੇਮਿਕਾ ਦਾ ਨਿਕ ਤੇ ਪ੍ਰਿਅੰਕਾ ਦੇ ਰਿਸ਼ਤੇ ਕਾਰਨ ਦਿਲ ਟੁੱਟ ਗਿਆ ਹੈ। ਉਸ ਨੇ ਇਨ੍ਹਾਂ ਦੇ ਰਿਸ਼ਤੇ ਬਾਰੇ ਜਾਣਨ ਤੋਂ ਬਾਅਦ ਕਿਹਾ ਹੈ ਕਿ ਪ੍ਰਿਅੰਕਾ ਚੋਪੜਾ ਜਿਹੀ ਵੱਡੀ ਸਟਾਰ ਦਾ ਉਹ ਮੁਕਾਬਲਾ ਨਹੀਂ ਕਰ ਸਕਦੀ।


ਦੱਸ ਦਈਏ ਕਿ 33 ਸਾਲਾ ਡੇਲਟਾ ਗੁਡਰੇਮ ਦੀ ਤੇ ਨਿਕ ਦੇ ਰਿਸ਼ਤੇ ਦੀ ਸ਼ੁਰੂਆਤ 2011 'ਚ ਹੋਈ ਸੀ। ਹਾਲਾਂਕਿ ਇਕ ਸਾਲ ਬਾਅਦ ਹੀ ਦੋਵੇਂ ਵੱਖ ਹੋ ਗਏ ਸਨ। ਕਾਫੀ ਲੰਮੇ ਸਮੇਂ ਬਾਅਦ ਡੇਲਟਾ ਦੇ ਮਨ 'ਚ ਇੱਕ ਵਾਰ ਫਿਰ ਨਿਕ ਲਈ ਮੋਹ ਜਾਗਿਆ। ਜਦੋਂ ਕੁਝ ਦਿਨ ਪਹਿਲਾਂ ਉਸਨੇ ਆਪਣੇ ਜਜ਼ਬਾਤ ਨਿਕ ਨਾਲ ਸਾਂਝੇ ਕਰਨੇ ਚਾਹੇ ਤਾਂ ਨਿਕ ਨੇ ਕਹਿ ਦਿੱਤਾ ਕਿ ਉਹ ਪ੍ਰਿਅੰਕਾ ਨੂੰ ਲੈ ਕੇ ਕਾਫੀ ਸੀਰੀਅਸ ਹਨ।


ਜ਼ਿਕਰਯੋਗ ਹੈ ਕਿ ਨਿਕ ਜੋਨਾਸ ਇਸੇ ਸ਼ੁੱਕਰਵਾਰ ਪ੍ਰਿਅੰਕਾ ਚੋਪੜਾ ਨਾਲ ਭਾਰਤ ਆਏ ਹਨ। ਦਿਨ ਭਰ ਪ੍ਰਿਅੰਕਾ ਦੇ ਘਰ ਰਹਿਣ ਤੋਂ ਬਾਅਦ ਰਾਤ ਨੂੰ ਉਹ ਪ੍ਰਿਅੰਕਾ ਤੇ ਉਨ੍ਹਾਂ ਦੇ ਮੰਮੀ ਮਧੂ ਚੋਪੜਾ ਨਾਲ ਚਾਈਨੀਜ਼ ਰੈਸਟੋਰੇਂਟ 'ਚ ਡਿਨਰ ਕਰਨ ਪਹੁੰਚੇ ਸਨ।