ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਪਹਲਾਜ ਨਿਹਲਾਨੀ ਨੂੰ ਹਟਾ ਕੇ, ਉਨ੍ਹਾਂ ਦੀ ਥਾਂ 'ਤੇ ਬਾਲੀਵੁਡ ਦੇ ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਬੋਰਡ ਦਾ ਪ੍ਰਧਾਨ ਬਣਾ ਦਿੱਤਾ ਹੈ।
“ਮੰਤਰਾਲੇ ਨੇ ਮੈਨੂੰ ਕਿਹਾ ਸੀ ਕਿ ‘ਉੜਤਾ ਪੰਜਾਬ’ ਨੂੰ ਪਾਸ ਨਾ ਕਰੋ”: ਪਹਲਾਜ
ਸੈਂਸਰ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ, ਪਹਲਾਜ ਨਹਿਲਾਨੀ ਹੈਰਾਨ ਕਰ ਦੇਣ ਵਾਲੇ ਕਈ ਖੁਲਾਸੇ ਕੀਤੇ ਹਨ। ਇੱਕ ਇੰਟਰਵਿਊ ਵਿੱਚ ਪਹਲਾਜ ਨੇ ਕਿਹਾ, “ਮੰਤਰਾਲਾ ਨੇ ਮੈਨੂੰ ਕਿਹਾ ਸੀ ਕਿ ਫ਼ਿਲਮ ‘ਉੜਤਾ ਪੰਜਾਬ’ ਨੂੰ ਪਾਸ ਨਾ ਕਰੋ।” ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਕਈ ਥਾਵਾਂ ਤੋਂ ਪ੍ਰੈਸ਼ਰ ਪਾਇਆ ਗਿਆ, ਪਰ ਮੈਂ ਅਸੂਲਾਂ ਮੁਤਾਬਕ ਹੀ ਕੰਮ ਕੀਤਾ ਅਤੇ ਫਿਲਮ ਪਾਸ ਕਰ ਦਿੱਤੀ।"
ਦੱਸਿਆ ਜਾਂਦਾ ਹੈ ਕਿ ‘ਉੜਤਾ ਪੰਜਾਬ’ ਵਿੱਚੋਂ ਉਸ ਸਮੇਂ 89 ਦ੍ਰਿਸ਼ ਕੱਟ ਕੇ ਰਿਲੀਜ਼ ਕਰਨ ਦੀ ਆਗਿਆ ਦਿੱਤੀ ਗਈ ਸੀ। ਇਸ ਕਾਰਨ ਵਿਚਾਰ ਪੇਸ਼ ਕਰਨ ਦੀ ਆਜ਼ਾਦੀ 'ਤੇ ਇੱਕ ਵੱਡੀ ਬਹਿਸ ਛਿੜ ਗਈ ਸੀ ਅਤੇ ਮਾਮਲਾ ਅਦਾਲਤ ਵਿੱਚ ਚਲਿਆ ਗਿਆ ਸੀ। ਇਸ ਕਾਰਨ ਪਹਲਾਜ ਕਾਫ਼ੀ ਵਿਵਾਦਾਂ ਵਿੱਚ ਘਿਰ ਗਏ ਸਨ। ਹਾਲਾਂਕਿ, ਬਾਅਦ ਵਿੱਚ ਸੁਪਰੀਮ ਕੋਰਟ ਨੇ 89 ਦੀ ਥਾਂ ਸਿਰਫ਼ ਇੱਕ ਦ੍ਰਿਸ਼ ਕੱਟਣ ਤੋਂ ਬਾਅਦ ਫਿਲਮ ਰਿਲੀਜ਼ ਕਰਨ ਦੀ ਆਗਿਆ ਦੇ ਦਿੱਤੀ ਸੀ।
ਇਸ ਤੋਂ ਇਲਾਵਾ ਇਸ ਇੰਟਰਵਿਊ ਵਿੱਚ ਉਨ੍ਹਾਂ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਬਾਰੇ ਵੀ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ‘ਬਜਰੰਗੀ ਭਾਈਜਾਨ’ ਨੂੰ ਈਦ ਮੌਕੇ ਰਿਲੀਜ਼ ਨਾ ਹੋਣ ਦੇਣ ਬਾਰੇ ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਦਿੱਤੇ ਸਨ। ਪਹਲਾਜ ਦੇ ਅਨੁਸਾਰ ਮੰਤਰਾਲਾ ਨੂੰ ਖ਼ਦਸ਼ਾ ਸੀ ਕਿ ਟਾਇਟਲ ਕਾਰਨ ਇਹ ਫ਼ਿਲਮ ਈਦ ਮੌਕੇ ਲਾਅ-ਐਂਡ-ਆਰਡਰ ਵਿਗਾੜ ਸਕਦੀ ਹੈ।
ਪਹਲਾਜ ਨੇ ਅੱਗੇ ਦੱਸਿਆ ਕਿ ਬਜਰੰਗੀ ਭਾਈਜਾਨ ਦੇ ਟਾਇਟਲ ਤੋਂ ਮੰਤਰਾਲਾ ਨੂੰ ਸ਼ੱਕ ਸੀ ਕਿ ਇਸ ਵਿੱਚ 'ਲਵ-ਜਿਹਾਦ' ਵਰਗਾ ਕੁਝ ਹੋ ਸਕਦਾ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਹਲਾਜ ਨੇ ਆਪਣੇ ਕਾਰਜਕਾਲ ਦੌਰਾਨ ਕਈ ਫ਼ਿਲਮਾਂ ਉੱਤੇ ਕੈਂਚੀ ਚਲਾਈ ਸੀ, ਜਿਸ ਦੀ ਵਜ੍ਹਾ ਨਾਲ ਉਹ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਸਨ। ਪਹਲਾਜ ਨੇ 2014 ਲੋਕ ਸਭਾ ਚੋਣਾਂ ਵਿੱਚ ਮੋਦੀ ਦੇ ਸਮਰਥਨ ਵਿੱਚ ‘ਹਰ ਹਰ ਮੋਦੀ ਘਰ ਘਰ ਮੋਦੀ’ ਨਾਂ ਦਾ ਇੱਕ ਯੂ-ਟਿਊਬ ਵੀਡੀਓ ਬਣਾਇਆ ਸੀ। 2015 ਵਿੱਚ ਪਹਲਾਜ ਨੂੰ ਸੈਂਸਰ ਬੋਰਡ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ।