ਮੁੰਬਈ: 'ਬਾਹੂਬਲੀ' ਤੋਂ ਬਾਅਦ ਪ੍ਰਸ਼ੰਸਕਾਂ ਨੂੰ ਪ੍ਰਭਾਸ ਦੀ ਨਵੀਂ ਬਾਲੀਵੁੱਡ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੁਝ ਮਹੀਨੇ ਪਹਿਲਾਂ ਖ਼ਬਰ ਆਈ ਸੀ ਕਿ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫ਼ਿਲਮ ਨਿਰਮਾਤਾ ਕਰਨ ਜੌਹਰ ਪ੍ਰਭਾਸ ਨੂੰ ਬਾਲੀਵੁੱਡ ਵਿੱਚ ਲੌਂਚ ਕਰਨ ਦੀ ਤਿਆਰੀ ਵਿੱਚ ਹਨ। ਤਾਜ਼ਾ ਖ਼ਬਰਾਂ ਆਈਆਂ ਹਨ ਕਿ ਹੁਣ ਕਰਨ ਜੌਹਰ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ।


ਦੱਸ ਦਈਏ ਕਿ ਕਰਨ ਜੌਹਰ ਨੇ 'ਬਾਹੂਬਲੀ' ਤੇ 'ਬਾਹੂਬਲੀ 2' ਦੇ ਹਿੰਦੀ ਸੰਸਕਨ ਨੂੰ ਪੇਸ਼ ਕੀਤਾ ਸੀ। ਇਨ੍ਹਾਂ ਫ਼ਿਲਮਾਂ ਦੀ ਮਕਬੂਲੀਅਤ ਤੇ ਪ੍ਰਭਾਸ ਦੇ ਹਰਮਨ-ਪਿਆਰੇ ਹੋਣ ਤੋਂ ਬਾਅਦ ਉਸ ਨੇ ਉਸ ਨੂੰ ਬਾਲੀਵੁੱਡ ਵਿੱਚ ਉਤਾਰਨ ਦਾ ਐਲਾਨ ਤਾਂ ਕੀਤਾ ਸੀ ਪਰ ਹੁਣ ਕੁਝ ਅਜਿਹਾ ਵਾਪਰ ਗਿਆ ਹੈ ਕਿ ਕਰਨ ਨੇ ਆਪਣਾ ਇਰਾਦਾ ਹੀ ਬਦਲ ਲਿਆ ਹੈ।

ਖ਼ਬਰਾਂ ਆਈਆਂ ਹਨ ਕਿ ਪ੍ਰਭਾਸ ਨੇ ਆਪਣੇ ਬਾਲੀਵੁੱਡ ਡੈਬਿਊ ਲਈ ਕਰਨ ਤੋਂ ਇੰਨੀ ਜ਼ਿਆਦਾ ਫ਼ੀਸ ਮੰਗ ਲਈ ਹੈ ਕਿ ਕਰਨ ਦੇ ਹੋਸ਼ ਹੀ ਉੱਡ ਗਏ। ਕਰਨ ਨੇ ਵੀਰਵਾਰ ਨੂੰ ਟਵੀਟ ਵੀ ਕੀਤਾ ਸੀ, ਜਿਸ ਵਿੱਚ ਬਿਨਾ ਕਿਸੇ ਦਾ ਨਾਂਅ ਲਏ ਤੋਂ ਲਿਖਿਆ ਸੀ, "ਡੀਅਰ ਐਂਬੀਸ਼ਨ... ਜੇਕਰ ਤੁਸੀਂ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਨੀ ਹੈ ਤਾਂ ਤੁਹਾਨੂੰ ਆਪਣੇ ਅਸਲੀ ਸਰਾਪ ਤੋਂ ਦੂਰ ਰਹਿਣਾ ਹੋਵੇਗਾ.. ਤੁਲਨਾ।"

ਮੀਡੀਆ ਰਿਪੋਰਟਾਂ ਮੁਤਾਬਕ ਕਰਨ, ਪ੍ਰਭਾਸ ਨੂੰ ਬਾਲੀਵੁੱਡ ਵਿੱਚ ਲੌਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਉਸ ਵੱਲੋਂ ਮੰਗੀ 20 ਕਰੋੜ ਦੀ ਫ਼ੀਸ ਨੇ ਕਰਨ ਦੇ ਹੋਸ਼ ਹੀ ਉਡਾ ਦਿੱਤੇ ਹਨ। ਕਰਨ ਦਾ ਮੰਨਣਾ ਹੈ ਕਿ ਇੰਨੀ ਰਕਮ ਇੱਕ ਡੈਬਿਊ ਸਟਾਰ ਲਈ ਬਹੁਤ ਜ਼ਿਆਦਾ ਹੈ ਤੇ ਇਸ ਲਈ ਉਸ ਨੇ ਆਪਣਾ ਇਰਾਦਾ ਬਦਲ ਲਿਆ ਹੈ।

ਕਰਨ ਜੌਹਰ ਬੇਸ਼ੱਕ ਹੀ ਪ੍ਰਭਾਸ ਨੂੰ ਬਾਲੀਵੁੱਡ ਦਾ ਡੈਬਿਊ ਸਟਾਰ ਸਮਝ ਰਹੇ ਹੋਣ ਪਰ ਉਹ ਸ਼ਾਇਦ ਇਹ ਗੱਲ ਭੁੱਲ ਰਿਹਾ ਹੈ ਕਿ ਪ੍ਰਭਾਸ ਦੱਖਣੀ ਫ਼ਿਲਮ ਸਨਅਤ ਦੇ ਸੁਪਰਸਟਾਰ ਹੈ ਤੇ ਬਾਹੂਬਲੀ ਫ਼ਿਲਮਾਂ ਤੋਂ ਬਾਅਦ ਉਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। ਪ੍ਰਭਾਸ ਅੱਜ ਨਹੀਂ ਤੇ ਭਲਕ ਬਾਲੀਵੁੱਡ ਵਿੱਚ ਕਦਮ ਰੱਖਣ ਹੀ ਵਾਲੇ ਹਨ, ਹੁਣ ਤਾਂ ਇਹ ਸਮਾਂ ਹੀ ਦੱਸੇਗਾ ਕਿ ਅਜਿਹਾ ਕਿਸ ਦਿਨ ਹੋਵੇਗਾ।