ਮੁੰਬਈ: ਫਿਲਮ ਜਗਤ ਵਿੱਚ 1969 ਤੋਂ 1971 ਦੇ ਦਹਾਕੇ ਵਿੱਚ ਲਗਾਤਾਰ 15 ਹਿੱਟ ਫ਼ਿਲਮਾਂ ਦੇਣ ਵਾਲੇ ਮਰਹੂਮ ਅਭਿਨੇਤਾ ਰਾਜੇਸ਼ ਖੰਨਾ ਦਾ ਰਿਕਾਰਡ ਅੱਜ ਵੀ ਬਰਕਰਾਰ ਹੈ। 1966 ਵਿੱਚ ਰਿਲੀਜ਼ ਹੋਈ ਫਿਲਮ 'ਆਖਰੀ ਖਤ' ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੇ ਅਭਿਨੇਤਾ ਨੇ ਆਪਣੇ ਫਿਲਮ ਕਰੀਅਰ ਵਿੱਚ 160 ਫੀਚਰ ਫ਼ਿਲਮਾਂ ਤੇ 17 ਲਘੂ ਫ਼ਿਲਮਾਂ ਵਿੱਚ ਕੰਮ ਕੀਤਾ। ਅੱਜ ਇਸ ਮਹਾਨ ਅਭਿਨੇਤਾ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਰਾਜੇਸ਼ ਖੰਨਾ ਦੇ ਫ਼ਿਲਮੀ ਕਰੀਅਰ ਨਾਲ ਜੁੜੀਆਂ ਖਾਸ ਗੱਲਾਂ ਦੇ ਬਾਰੇ।

ਤਿੰਨ ਵਾਰ ਆਪਣੀ ਬਿਹਤਰੀਨ ਅਦਾਕਾਰੀ ਲਈ ਫਿਲਮਫੇਅਰ ਦੇ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਜਿੱਤਣ ਵਾਲੇ ਰਾਜੇਸ਼ ਖੰਨਾ ਦਾ ਜਨਮ 29 ਦਸੰਬਰ, 1942 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। ਹਾਲਾਂਕਿ ਰਾਜੇਸ਼ ਖੰਨਾ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਚੁੰਨੀ ਲਾਲ ਤੇ ਲੀਲਾ ਵਤੀ ਖੰਨਾ ਨੇ ਪਾਲਿਆ-ਪੋਸਿਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਮ ਲਾਲਾ ਹੀਰਾਨੰਦ ਤੇ ਚੰਦ੍ਰਾਨੀ ਖੰਨਾ ਸੀ।

ਸੇਂਟ ਸੇਬੈਸਟੀਅਨ ਗੋਆ ਸਕੂਲ ਤੋਂ ਜਿਤੇਂਦਰ ਨਾਲ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਰਾਜੇਸ਼ ਨੇ ਥੀਏਟਰ ਦਾ ਰੁਖ ਕੀਤਾ। ਆਪਣੇ ਸਕੂਲ ਤੇ ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਨੇ ਕਈ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਦਮ 'ਤੇ ਪੁਰਕਾਰ ਵੀ ਜਿੱਤੇ। ਰਾਜੇਸ਼ ਦੀ ਇੱਕ ਖਾਸ ਗੱਲ ਇਹ ਵੀ ਸੀ ਕਿ ਉਹ ਉਨ੍ਹਾਂ ਘੱਟ ਲੋਕਾਂ ਵਿੱਚੋਂ ਸਨ ਜੋ 1960 ਦੇ ਦਹਾਕੇ ਵਿੱਚ ਆਪਣੀ ਐਮਜੀ ਸਪੋਰਟ ਕਾਰ ਰਾਹੀਂ ਥੀਏਟਰ ਪਹੁੰਚਦੇ ਸਨ।

ਰਾਜੇਸ਼ ਦੀਆਂ 15 ਹਿੱਟ ਫ਼ਿਲਮਾਂ ਵਿੱਚ "ਅਰਾਧਨਾ", "ਇਤੇਫਾਕ", ''ਡੋਲੀ', ਬੰਧਨ, ਦੋ ਰਾਸਤੇ, ਦ ਟਰੇਨ, ਸੱਚਾ-ਝੂਠਾ, ਸਫਰ, ਕਟੀ ਪਤੰਗ, ਆਨ ਮਿਲੋ ਸੱਜਣਾ, ਆਨੰਦ, ਮਰਿਆਦਾ, ਹਾਥੀ ਮੇਰੇ ਸਾਥੀ, ਅਮਰ ਪ੍ਰੇਮ, ਅੰਦਾਜ਼, ਦੁਸ਼ਮਣ ਤੇ ਆਪਣਾ ਦੇਸ਼ ਸ਼ਾਮਲ ਹਨ।

ਰਾਜੇਸ਼ ਨੂੰ ਦਿੱਗਜ ਫੈਸ਼ਨ ਡਿਜ਼ਾਈਨਰ ਤੇ ਅਭਿਨੇਤਰੀ ਅੰਜੂ ਮਹਿੰਦਰੂ ਨਾਲ ਪਿਆਰ ਹੋਇਆ ਸੀ ਪਰ ਸੱਤ ਸਾਲ ਤੱਕ ਕਾਇਮ ਇਸ ਰਿਸ਼ਤੇ ਦੇ ਟੁੱਟਣ ਤੋਂ ਬਾਅਦ ਉਹ 17 ਸਾਲ ਤੱਕ ਇੱਕ-ਦੂਜੇ ਦੇ ਸੰਪਰਕ ਵਿੱਚ ਨਹੀਂ ਰਹੇ। ਇਸ ਦੌਰਾਨ ਅਭਿਨੇਤਾ ਨੇ ਮਾਰਚ 1973 ਵਿੱਚ ਅਭਿਨੇਤਰੀ ਡਿੰਪਲ ਕਪਾਡੀਆ ਨਾਲ ਵਿਆਹ ਕਰ ਲਿਆ। ਡਿੰਪਲ ਤੇ ਰਾਜੇਸ਼ ਦੀਆਂ ਦੋ ਬੇਟੀਆਂ ਹਨ- ਟਵਿੰਕਲ ਖੰਨਾ ਤੇ ਰਿੰਕੀ ਖੰਨਾ ਹਨ। ਟਵਿੰਕਲ ਨੇ ਵੀ ਆਪਣੇ ਫਿਲਮ ਕਰੀਅਰ ਦੌਰਾਨ ਕਈ ਸਫਲ ਫ਼ਿਲਮਾਂ ਦਿੱਤੀਆਂ ਤੇ ਬਾਅਦ ਵਿੱਚ ਅਭਿਨੇਤਾ ਅਕਸ਼ੈ ਕੁਮਾਰ ਨਾਲ ਵਿਆਹ ਕਰ ਲਿਆ। ਇਸ ਦੇ ਨਾਲ ਹੀ ਰਿੰਕੀ ਨੂੰ ਫ਼ਿਲਮਾਂ ਵਿੱਚ ਇੰਨੀਂ ਸਫਲਤਾ ਨਹੀਂ ਹਾਸਲ ਹੋਈ।

ਜੂਨ, 2012 ਵਿੱਚ ਰਾਜੇਸ਼ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। 23 ਜੂਨ ਨੂੰ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਸਿਹਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ 8 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜ਼ਿੰਦਾਦਿਲੀ ਦੀ ਪਛਾਣ ਰਹੇ ਅਭਿਨੇਤਾ ਰਾਜੇਸ਼ ਖੰਨਾ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ।

ਰਾਜੇਸ਼ ਦੀ ਤਬੀਅਤ ਵਿਗੜਨ ਦੇ ਕਾਰਨ 14 ਜੁਲਾਈ ਨੂੰ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ 16 ਜੁਲਾਈ ਨੂੰ ਘਰ ਲਿਆਂਦਾ ਗਿਆ। ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਭਾਵੁਕ ਕਰ ਉਨ੍ਹਾਂ ਦੇ ਦਿਲਾਂ ਵਿਚ ਛਾਪ ਛੱਡਣ ਵਾਲੇ ਇਸ ਅਭਿਨੇਤਾ ਨੇ 18 ਜੁਲਾਈ, 2012 ਨੂੰ ਆਪਣੇ ਘਰ ਅਸ਼ੀਰਵਾਦ ਵਿੱਚ ਅੰਤਿਮ ਸਾਹ ਲਏ।