ਮੁੰਬਈ: ਲਕੀਰ ਤੋਂ ਹਟ ਕੇ ਫ਼ਿਲਮਾਂ ਬਣਾਉਣ ਵਾਲੇ ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀਆਂ ਕੁਝ ਫ਼ਿਲਮਾਂ ਹਿੱਟ ਤੇ ਕੁਝ ਫਲੌਪ ਰਹੀਆਂ ਪਰ ਇਸ ਦਾ ਰਾਕੇਸ਼ ‘ਤੇ ਕੋਈ ਅਸਰ ਨਹੀਂ। ਉਹ ਕਹਿੰਦੇ ਹਨ ਕਿ ਫ਼ਿਲਮ-ਮੇਕਿੰਗ ‘ਚ ਕਾਮਯਾਬੀ ਤੇ ਨਾਕਾਮਯਾਬੀ ਜਿਹਾ ਕੁਝ ਨਹੀਂ ਹੁੰਦਾ।




‘ਰੰਗ ਦੇ ਬਸੰਤੀ’ ਤੇ ‘ਭਾਗ ਮਿਲਖਾ ਭਾਗ’ ਜਿਹੀਆਂ’ ਸੁਪਹਿੱਟ ਫ਼ਿਲਮਾਂ ਬਣਾ ਚੁੱਕੇ ਰਾਕੇਸ਼ ਦੀ ਅਗਲੀ ਫ਼ਿਲਮ ਹੈ ‘ਮੇਰੇ ਪਿਆਰੇ ਪ੍ਰਾਈਮ ਮਿਨਿਸਟਰ’ ਜੋ ਗਾਂਧੀ ਜਯੰਤੀ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪੋਸਟਰ ਰਾਕੇਸ਼ ਨੇ ਪਿਛਲੇ ਸਾਲ 19 ਨਵੰਬਰ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ।

ਰਾਕੇਸ਼ ਨੇ ਕਿਹਾ ‘ਫ਼ਿਲਮ ਗਾਂਧੀ ਜੀ ਤੋਂ ਪ੍ਰੇਰਿਤ ਹੈ। ਇਸੇ ਲਈ 2 ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਅਸੀਂ ਫ਼ਿਲਮ ਨੂੰ ਹੁਣ ਵੀ ਰਿਲੀਜ਼ ਕਰ ਸਕਦੇ ਹਾਂ, ਪਰ ਇਹ ਰਾਸ਼ਟਰਪਿਤਾ ਨੂੰ ਸਮਰਪਿਤ ਫ਼ਿਲਮ ਹੈ।’



ਇਸ ਫ਼ਿਲਮ ਦੀ ਸ਼ੂਟਿੰਗ ਰਾਕੇਸ਼ ਨੇ ਮੁੰਬਈ ਦੀ ਝੁੱਗੀਆਂ ‘ਚ ਕੀਤੀ ਹੈ। ਇਹ ਫ਼ਿਲਮ ਝੁੱਗੀ ‘ਚ ਰਹਿਣ ਵਾਲੇ ਲੜਕੇ ਦੀ ਕਹਾਣੀ ਹੈ, ਜੋ ਆਪਣੀ ਮਾਂ ਲਈ ਟਾਇਲਟ ਬਣਾਉਣਾ ਚਾਹੁੰਦਾ ਹੈ। ਫ਼ਿਲਮ ‘ਚ ਨੈਸ਼ਲਨ ਐਵਾਰਡ ਵਿਨਰ ਐਕਟਰਸ ਅੰਜਲੀ ਪਾਟਿਲ ਨੇ ਕੰਮ ਕੀਤਾ ਹੈ।



ਮੇਹਰਾ ਨੇ ਕਿਹਾ ਕਿ ਫ਼ਿਲਮ ‘ਚ ਗਾਂਧੀ ਜੀ ਦੀ ਵਿਚਾਰਧਾਰਾ ਦਾ ਪ੍ਰਭਾਅ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਰਾਕੇਸ਼ ਦੀ ‘ਮਿਰਜ਼ਿਆ’ ਫ਼ਿਲਮ ਆਈ ਸੀ, ਜਿਸ ‘ਚ ਹਰਸ਼ਵਰਧਨ ਕਪੂਰ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਉਸ ਨੇ ਸਿਨੇਮਾਘਰਾਂ ‘ਚ ਕੁਝ ਖਾਸ ਕਮਾਲ ਨਹੀਂ ਸੀ ਕੀਤਾ।