ਮੁੰਬਈ: ਸੰਜੇ ਦੱਤ ਦੀ ਬਾਇਓਪਿਕ ਫ਼ਿਲਮ ‘ਸੰਜੂ’ ਦਾ ਕ੍ਰੇਜ਼ ਫੈਨਸ ‘ਚ ਵਧਦਾ ਹੀ ਜਾ ਰਿਹਾ ਹੈ। ਫ਼ਿਲਮ-ਮੇਕਰਸ ਹਰ ਰੋਜ਼ ਇਸ ਫ਼ਿਲਮ ਦਾ ਉਤਸ਼ਾਹ ਲੋਕਾਂ ‘ਚ ਵਧਾਉਣ ਲਈ ਨਵੇਂ-ਨਵੇਂ ਪੋਸਟਰ ਰਿਲੀਜ਼ ਕਰ ਰਹੇ ਹਨ। ਹੁਣ ਕੁਝ ਸਮਾਂ ਪਹਿਲਾਂ ਵੀ ਫ਼ਿਲਮ ਦਾ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ‘ਚ ਰਣਬੀਰ, ਸੰਜੇ ਦੇ ਕਿਰਦਾਰ ‘ਚ ਆਪਣੇ ਦੋਸਤ ਨੂੰ ਮਿਲ ਰਹੇ ਹਨ। ਪੋਸਟਰ ‘ਚ ਰਣਬੀਰ ਨਾਲ 'ਰਾਜ਼ੀ' ਫ਼ਿਲਮ ਦਾ ਇਕਬਾਲ ਯਾਨੀ ਵਿੱਕੀ ਕੌਸ਼ਲ ਹੈ।


 

ਫ਼ਿਲਮ ਦਾ ਪੋਸਟਰ ਉਸ ਸਮੇਂ ਦੀ ਯਾਦ ਦਵਾ ਰਿਹਾ ਹੈ ਜਦੋਂ ਸੰਜੇ ਦੱਤ ਬਾਲੀਵੁੱਡ ਇੰਡਸਟਰੀ ‘ਚ ਬਿਲਕੁਲ ਨਵੇਂ ਸੀ। ਉਹ ਕੁਮਾਰ ਗੌਰਵ ਦੇ ਬੇਹੱਦ ਕਰੀਬ ਸੀ। ਕੁਮਾਰ ਗੌਰਵ ਦੇ ਕਿਰਦਾਰ ਨੂੰ ਪਰਦੇ ‘ਤੇ ਵਿੱਕੀ ਕੌਸ਼ਲ ਨੇ ਨਿਭਾਇਆ ਹੈ।



ਫ਼ਿਲਮ ਦੇ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, "ਵਿੱਕੀ ਕੌਸ਼ਲ, ਇੰਨਾ ਵਧੀਆ ਤੇ ਸਮਝਦਾਰ ਐਕਟਰ ਹੈ, ਉਸ ਨਾਲ ਕੰਮ ਕਰਕੇ ਕਾਫੀ ਮਜ਼ਾ ਆਇਆ। ਉਸ ਨੇ ਸੰਜੂ ਦੇ ਬੈਸਟ ਫ੍ਰੈਂਡ ਦਾ ਕਿਰਦਾਰ ਨਿਭਾਇਆ ਹੈ।" ਦੋ ਦਿਨ ਬਾਅਦ ਯਾਨੀ 30 ਮਈ ਨੂੰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ।