ਪਣਜੀ: ਭਾਰਤੀ ਅੰਤਰਾਸ਼ਟਰੀ ਫਿਲਮ ਫੈਸਟੀਵਲ (IFFI) ਦੇ ਭਾਰਤੀ ਪੈਨੋਰਮਾ ਸੈਕਸ਼ਨ ਤੋਂ ਦੋ ਫ਼ਿਲਮਾਂ "ਐਸ ਦੁਰਗਾ" ਤੇ "ਨਿਊਡ" ਨੂੰ ਹਟਾਏ ਜਾਣ ਤੋਂ ਬਾਅਦ ਵਿਵਾਦ ਵਧਦਾ ਹੀ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਵਿੱਚੋਂ ਇੱਕ ਫਿਲਮ ਨੂੰ ਸੈਂਸਰ ਬੋਰਡ ਤੋਂ ਪ੍ਰਮਾਣ ਪੱਤਰ ਨਹੀਂ ਮਿਲਿਆ। ਪਰੀਕਰ ਗੋਆ ਵਿੱਚ 20 ਤੋਂ 28 ਨਵੰਬਰ ਦੇ ਦੌਰਾਨ ਕਰਵਾਏ ਜਾ ਰਹੇ 48ਵੇਂ ਫਿਲਮ ਫੈਸਟੀਵਲ ਦੀ ਨੋਡਲ ਏਜੰਸੀ ਦੇ ਮੁਖੀ ਹਨ।

ਆਖਰ ਕੀ ਹੈ ਵਿਵਾਦ :

12 ਮੈਂਬਰੀ ਨਿਰਣਾਇਕ ਕਮੇਟੀ ਨੇ ਪੈਨੋਰਮਾ ਸੈਕਸ਼ਨ ਲਈ ਜਿਨ੍ਹਾਂ ਫ਼ਿਲਮਾਂ ਦੀ ਚੋਣ ਕੀਤੀ ਸੀ, ਉਨ੍ਹਾਂ ਵਿੱਚ ਮਲਿਆਲੀ ਫਿਲਮ ਐਸ. ਦੁਰਗਾ ਤੇ ਮਰਾਠੀ ਫਿਲਮ "ਨਿਊਡ" ਸ਼ਾਮਲ ਸੀ ਪਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਦੋਹਾਂ ਫ਼ਿਲਮਾਂ ਨੂੰ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਇਸ ਨੂੰ ਲੈਕੇ ਵਿਵਾਦ ਹੋ ਗਿਆ। ਮੰਤਰਾਲੇ ਦੇ ਫੈਸਲੇ ਤੋਂ ਬਾਅਦ ਨਿਰਣਾਇਕ ਕਮੇਟੀ ਦੇ ਤਿੰਨ ਮੈਂਬਰ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਵਿੱਚ ਕਮੇਟੀ ਦੇ ਪ੍ਰਮੁੱਖ ਫਿਲਮਕਾਰ ਸੁਜਾਏ ਘੋਸ਼, ਦੋ ਮੈਂਬਰ ਪਟਕਥਾ ਲੇਖਕ ਅਪੂਰਵ ਅਸਰਾਨੀ ਤੇ ਫਿਲਮਕਾਰ ਗਿਆਨ ਕੋਰੀਆ ਸ਼ਾਮਲ ਹਨ।

ਪਰੀਕਰ ਨੇ ਕੱਲ੍ਹ ਪਣਜੀ ਵਿੱਚ ਇਸ ਮਾਮਲੇ 'ਤੇ ਸਫਾਈ ਦਿੰਦਿਆਂ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ 'ਨਿਊਡ' ਇੱਕ ਪੂਰਨ ਫਿਲਮ ਨਹੀਂ। ਇਸ ਨੂੰ ਸੈਂਸਰ ਬੋਰਡ ਤੋਂ ਪ੍ਰਮਾਣ ਪੱਤਰ ਨਹੀਂ ਮਿਲਿਆ। ਇਸ ਲਈ ਇਸ ਨੂੰ IFFI ਵਿੱਚ ਨਹੀਂ ਦਿਖਾ ਸਕਦੇ। ਅਸੀਂ ਸੈਂਸਰਸ਼ਿਪ ਪ੍ਰਮਾਣ ਪੱਤਰ ਤੋਂ ਬਿਨਾ ਫਿਲਮ ਨਹੀਂ ਦਿਖਾ ਸਕਦੇ। ਉਹ ਇੰਟਰਟੇਨਮੈਂਟ ਸੁਸਾਇਟੀ ਆਫ ਗੋਆ ਦੇ ਪ੍ਰਮੁੱਖ ਹਨ ਜੋ ਫੈਸਟੀਵਲ ਦੇ ਪ੍ਰਬੰਧ ਨਾਲ ਜੁੜੀ ਨੋਡਲ ਏਜੰਸੀ ਹੈ।

ਮੁੱਖ ਮੰਤਰੀ ਨੇ ਕਿਹਾ "ਐਸ ਦੁਰਗਾ" ਨੂੰ ਫੈਸਟੀਵਲ ਤੋਂ ਹਟਾਉਣ ਦਾ ਫੈਸਲਾ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ "ਫਿਲਮ ਮਾਮੀ" ਮੁਮਬੀ ਤੇ ਕੇਰਲ ਫਿਲਮ ਫੈਸਟੀਵਲ ਸਮੇਤ ਦੋ ਫਿਲਮ ਫੈਸਟੀਵਲਾਂ ਦਾ ਹਿੱਸਾ ਸੀ ਪਰ ਉੱਥੇ ਉਸ ਨੂੰ ਕੁਝ ਕੱਟ ਕੇ ਦਿਖਾਇਆ ਗਿਆ ਸੀ ਤਾਂ ਕਿ ਭਾਵਨਾਵਾਂ ਆਹਤ ਕਰਨ ਤੋਂ ਬਚਿਆ ਜਾ ਸਕੇ। ਇਸ ਨੂੰ IFFI ਵਿੱਚ ਬਿਨਾ ਕਿਸੇ ਕੱਟ ਦੇ ਭੇਜਿਆ ਗਿਆ। ਪਰੀਕਰ ਨੇ ਕਿਹਾ ਕਿ ਫਿਲਮ ਫੈਸਟੀਵਲ ਦੇ ਨਿਯਮਾਂ ਅਨੁਸਾਰ ਕੱਟ ਨਾਲ ਕੋਈ ਫਿਲਮ ਨਹੀਂ ਦਿਖਾਈ ਜਾ ਸਕਦੀ।