Salman Khan- Lawrence Bishnoi: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਵੱਲੋਂ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਦਰਅਸਲ, ਲਾਰੈਂਸ ਬਿਸ਼ਨੋਈ ਨੇ 1998 'ਚ ਕਾਲੇ ਹਿਰਨ ਦੀ ਹੱਤਿਆ 'ਚ ਸਲਮਾਨ ਖਾਨ ਦੀ ਕਥਿਤ ਸ਼ਮੂਲੀਅਤ ਨੂੰ ਲੈ ਕੇ ਅਦਾਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।


ਕਾਲੇ ਹਿਰਨ ਨੂੰ ਬਿਸ਼ਨੋਈ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ। ਹਾਲਾਂਕਿ ਸਲਮਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹੁਣ, ਇੱਕ ਇੰਟਰਵਿਊ ਦੌਰਾਨ, ਲਾਰੈਂਸ ਦੇ ਚਚੇਰੇ ਭਰਾ ਨੇ ਦਾਅਵਾ ਕੀਤਾ ਹੈ ਕਿ ਅਦਾਕਾਰ ਨੇ ਕਈ ਸਾਲ ਪਹਿਲਾਂ 'ਬਲੈਂਕ ਚੈੱਕ' ਦੇ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ।



ਦਰਅਸਲ, NDTV ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਵਿੱਚ ਜੇਲ ਵਿੱਚ ਬੰਦ ਲਾਰੇਂਸ ਦੇ ਚਚੇਰੇ ਭਰਾ ਰਮੇਸ਼ ਬਿਸ਼ਨੋਈ ਨੇ ਸਲਮਾਨ ਖਾਨ ਨਾਲ ਗੈਂਗਸਟਰ ਦੇ ਝਗੜੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਰਮੇਸ਼ ਨੇ ਦਾਅਵਾ ਕੀਤਾ ਕਿ ਜਦੋਂ ਕਾਲੇ ਹਿਰਨ ਦਾ ਮੁੱਦਾ ਉੱਠਿਆ ਅਤੇ ਬਿਸ਼ਨੋਈਆਂ ਨੇ ਸਲਮਾਨ ਦੀ ਨਿੰਦਾ ਕੀਤੀ ਤਾਂ ਅਦਾਕਾਰ ਨੇ ਉਨ੍ਹਾਂ ਨੂੰ ਮੁਆਵਜ਼ੇ ਵਜੋਂ ਪੈਸੇ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਕਿਹਾ ਕਿ ਸਲਮਾਨ ਇਕ ਖਾਲੀ ਚੈੱਕਬੁੱਕ ਲੈ ਕੇ ਭਾਈਚਾਰੇ ਦੇ ਨੇਤਾਵਾਂ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੇਸ ਬੰਦ ਕਰਨ ਲਈ ਜਿੰਨੀ ਕੀਮਤ ਲੈਣਾ ਚਾਹੁੰਦੇ ਹਨ, ਉੰਨੀ ਇਸ ਵਿੱਚ ਭਰ ਦੇਣ। ਰਮੇਸ਼ ਨੇ ਕਿਹਾ, "ਜੇ ਅਸੀਂ ਪੈਸੇ ਦੇ ਪਿੱਛੇ ਹੁੰਦੇ, ਤਾਂ ਅਸੀਂ ਇਸ ਨੂੰ ਸਵੀਕਾਰ ਕਰ ਲੈਂਦੇ।"


ਦੱਸ ਦਈਏ ਕਿ ਸਲਮਾਨ ਦੇ ਪਿਤਾ ਸਲੀਮ ਖਾਨ ਨੇ ਦੋਸ਼ ਲਗਾਇਆ ਸੀ ਕਿ ਲਾਰੇਂਸ ਬਿਸ਼ਨੋਈ ਪੈਸੇ ਲਈ ਸਲਮਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਦਾਕਾਰ ਦੇ ਪਿਤਾ ਦੇ ਇਸ ਦੋਸ਼ 'ਤੇ ਰਮੇਸ਼ ਬਿਸ਼ਨੋਈ ਨੇ ਕਿਹਾ ਕਿ ਇਹ ਮੁੱਦਾ ਪੈਸੇ 'ਤੇ ਨਹੀਂ ਸਗੋਂ ਵਿਚਾਰਧਾਰਾ 'ਤੇ ਆਧਾਰਿਤ ਹੈ। ਰਮੇਸ਼ ਨੇ ਕਿਹਾ, "ਸਾਡਾ ਖੂਨ ਉਬਾਲੇ ਮਾਰ ਰਿਹਾ ਸੀ, ਉਸ ਵੇਲੇ" ਰਮੇਸ਼ ਨੇ ਕਿਹਾ ਕਿ ਲਾਰੈਂਸ ਭਾਰਤ ਵਿੱਚ 110 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਹ ਇੰਨਾ ਅਮੀਰ ਸੀ ਕਿ ਉਸਨੂੰ ਕਿਸੇ ਵੀ ਜ਼ਬਰਨ ਵਸੂਲੀ ਦੀ ਲੋੜ ਸੀ।



ਕੀ ਹੈ ਪੂਰਾ ਮਾਮਲਾ
ਕਾਲੇ ਹਿਰਨ ਦੇ ਸ਼ਿਕਾਰ ਦੀ ਘਟਨਾ 1998 ਵਿੱਚ ਜੋਧਪੁਰ ਵਿੱਚ ਵਾਪਰੀ ਸੀ। ਉਸ ਦੌਰਾਨ ਸਲਮਾਨ ਖਾਨ ਫਿਲਮ 'ਹਮ ਸਾਥ ਸਾਥ ਹੈ' ਲਈ ਉੱਥੇ ਗਏ ਸਨ। ਉਨ੍ਹਾਂ ਦੇ ਨਾਲ ਫਿਲਮ ਦੇ ਹੋਰ ਵੀ ਸਟਾਰਸ ਸੈਫ ਅਲੀ ਖਾਨ, ਸੋਨਾਲੀ ਬੇਂਦਰੇ ਅਤੇ ਨੀਲਮ ਕੋਠਾਰੀ ਵੀ ਸਨ। ਇਹ ਮਾਮਲਾ 25 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਲਮਾਨ ਫਿਲਹਾਲ ਜ਼ਮਾਨਤ 'ਤੇ ਹਨ। ਕਾਲੇ ਹਿਰਨ ਨੂੰ ਪਵਿੱਤਰ ਮੰਨਣ ਵਾਲਾ ਬਿਸ਼ਨੋਈ ਭਾਈਚਾਰਾ ਵਾਰ-ਵਾਰ ਸਲਮਾਨ ਨੂੰ ਆਪਣੀ ਹਰਕਤ ਲਈ ਮੁਆਫੀ ਮੰਗਣ ਲਈ ਕਹਿ ਚੁੱਕਾ ਹੈ।


ਅਦਾਕਾਰ ਦੇ ਪਿਤਾ ਸਲੀਮ ਖਾਨ ਨੇ ਹਾਲ ਹੀ 'ਚ ਏਬੀਪੀ ਨਾਲ ਇੰਟਰਵਿਊ 'ਚ ਕਿਹਾ ਸੀ ਕਿ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਸਲਮਾਨ ਗੁਨਾਹ ਕਬੂਲ ਕਰ ਰਹੇ ਹਨ।