Salman Khan House: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਕਿਸੇ ਫਿਲਮ ਨੂੰ ਲੈ ਨਹੀਂ ਬਲਕਿ ਗਲੈਕਸੀ ਅਪਾਰਟਮੈਂਟ ਕੰਪਲੈਕਸ ਵਿੱਚ ਗੋਲੀਬਾਰੀ ਦੇ ਚੱਲਦੇ ਸੁਰਖੀਆਂ ਵਿੱਚ ਹਨ। ਉਹ ਹਿੰਦੀ ਸਿਨੇਮਾ ਜਗਤ ਵਿੱਚ ਸਭ ਤੋਂ ਸਫਲ ਅਦਾਕਾਰਾਂ ਵਿੱਚੋਂ ਇੱਕ ਹਨ। ਪਿਛਲੇ 30 ਸਾਲਾਂ ਤੋਂ, ਉਹ ਇੰਡਸਟਰੀ ਦੇ ਚੋਟੀ ਦੇ ਤਿੰਨ ਜਾਂ ਚਾਰ ਅਦਾਕਾਰਾਂ ਵਿੱਚੋਂ ਇੱਕ ਰਹੇ ਹਨ ਅਤੇ 58 ਸਾਲ ਦੀ ਉਮਰ ਵਿੱਚ ਵੀ, ਉਹ ਬਾਕਸ ਆਫਿਸ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਕੋਲ ਜਾਇਦਾਦ ਦੀ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਉਹ 1BHK ਦੇ ਘਰ ਵਿੱਚ ਹੀ ਕਿਉਂ ਰਹਿੰਦੇ ਹਨ?


ਸਲਮਾਨ ਖਾਨ ਦੇ ਸਹਿ ਕਲਾਕਾਰ ਆਲੀਸ਼ਾਨ ਬੰਗਲੇ ਅਤੇ ਸਮੁੰਦਰੀ ਕਿਨਾਰੇ ਵਿਲਾ ਵਿੱਚ ਰਹਿੰਦੇ ਹਨ, ਪਰ ਦਬੰਗ ਖਾਨ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਵਿੱਚ ਇੱਕ 1BHK ਫਲੈਟ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਅਜਿਹਾ ਕਿਉਂ ਹੈ? ਸਲਮਾਨ ਖਾਨ ਅਤੇ ਉਸਦਾ ਪਰਿਵਾਰ - ਉਸਦੇ ਮਾਤਾ-ਪਿਤਾ ਅਤੇ ਦੋ ਭਰਾ - ਸਾਰੇ ਗਲੈਕਸੀ ਅਪਾਰਟਮੈਂਟਸ ਵਿੱਚ ਵੱਖ-ਵੱਖ ਮੰਜ਼ਿਲਾਂ 'ਤੇ ਵੱਖਰੇ ਫਲੈਟਾਂ ਵਿੱਚ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਅਭਿਨੇਤਾ ਆਪਣੇ ਮਾਤਾ-ਪਿਤਾ ਦੀ ਮੰਜ਼ਿਲ ਤੋਂ ਹੇਠਾਂ 1BHK ਫਲੈਟ ਵਿੱਚ ਰਹਿੰਦੇ ਹਨ।


ਰਿਪੋਰਟਾਂ ਅਨੁਸਾਰ, ਸਲਮਾਨ ਦੀ ਕੁੱਲ ਜਾਇਦਾਦ 2900 ਕਰੋੜ ਰੁਪਏ ਹੈ, ਜੋ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਅਮੀਰ ਅਦਾਕਾਰਾਂ ਵਿੱਚੋਂ ਇੱਕ ਬਣਾਉਂਦੀ ਹੈ। ਇਸ ਲਈ ਇਕ ਬੈੱਡਰੂਮ ਵਾਲੇ ਫਲੈਟ ਵਿਚ ਰਹਿਣ ਦੇ ਫੈਸਲੇ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ। ਸਾਲ 2009 'ਚ ਫਰਾਹ ਖਾਨ ਦੇ ਚੈਟ ਸ਼ੋਅ 'ਤੇਰੇ ਮੇਰੇ ਬੀਚ ਮੈਂ' 'ਤੇ ਨਜ਼ਰ ਆਉਣ ਦੌਰਾਨ ਸਲਮਾਨ ਨੇ ਇਸ ਬਾਰੇ ਗੱਲ ਕੀਤੀ ਸੀ।


ਸਲਮਾਨ ਨੇ ਦੱਸਿਆ ਕਾਰਨ


ਜਦੋਂ ਫਰਾਹ ਨੇ ਉਸ ਨੂੰ ਪੁੱਛਿਆ ਸੀ ਕਿ ਇਹ ਸੱਚ ਹੈ ਕਿ ਉਹ ਆਪਣੀ ਮਾਂ ਸਲਮਾ ਦੇ ਨੇੜੇ ਰਹਿਣ ਲਈ ਗਲੈਕਸੀ ਅਪਾਰਟਮੈਂਟ ਵਿੱਚ ਰਹਿੰਦਾ ਸੀ, ਤਾਂ ਉਸਨੇ ਜਵਾਬ ਦਿੱਤਾ, "ਹਾਂ, ਇਹ ਸੱਚ ਹੈ।" ਸਲਮਾਨ ਗਰਾਊਂਡ ਫਲੋਰ 'ਤੇ ਰਹਿੰਦੇ ਹਨ ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਪਹਿਲੀ ਮੰਜ਼ਿਲ 'ਤੇ ਰਹਿੰਦੇ ਹਨ। ਅਦਾਕਾਰ ਨੇ ਕਿਹਾ ਸੀ, "ਇਹ ਇੱਕ 3 BHK ਦਾ ਫਲੈਟ ਹੈ ਅਤੇ ਸਮੇਂ ਦੇ ਨਾਲ ਇਹ 1 BHK ਬਣ ਗਿਆ। ਪਰ ਮੈਨੂੰ ਪਰਿਵਾਰ ਦੇ ਨੇੜੇ ਰਹਿਣਾ ਪਸੰਦ ਹੈ। ਦੱਸ ਦੇਈਏ ਕਿ ਦੂਜੇ ਸਿਤਾਰਿਆਂ ਦੀ ਤਰ੍ਹਾਂ ਸਲਮਾਨ ਦਾ ਮੁੰਬਈ 'ਚ ਕੋਈ ਬੰਗਲਾ ਨਹੀਂ ਹੈ। ਹਾਲਾਂਕਿ, ਉਸ ਦਾ ਪਨਵੇਲ ਵਿੱਚ 150 ਏਕੜ ਦਾ ਫਾਰਮ ਹਾਊਸ ਹੈ, ਜਿੱਥੇ ਉਹ ਸਾਲ ਵਿੱਚ ਕਈ ਵਾਰ ਆਉਂਦੇ ਹਨ ਅਤੇ ਵਧੀਆ ਸਮਾਂ ਬਿਤਾਉਂਦੇ ਹਨ। 


ਗਲੈਕਸੀ ਅਪਾਰਟਮੈਂਟ ਕੰਪਲੈਕਸ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ, ਕਿਉਂਕਿ ਐਤਵਾਰ ਸਵੇਰੇ ਉੱਥੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਐਤਵਾਰ ਸਵੇਰੇ ਦੋ ਬੰਦੂਕਧਾਰੀਆਂ ਨੇ ਸਲਮਾਨ ਦੇ ਘਰ 'ਤੇ ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਇੱਕ ਉਨ੍ਹਾਂ ਦੇ ਘਰ ਦੀ ਬਾਲਕੋਨੀ 'ਚ ਚੱਲੀ ਗਈ। ਇਹ ਉਹੀ ਜਗ੍ਹਾ ਹੈ ਜਿੱਥੋਂ ਅਭਿਨੇਤਾ ਨੇ ਈਦ ਅਤੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਗੈਂਗਸਟਰ ਅਨਮੋਲ ਬਿਸ਼ਨੋਈ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਦੋ ਦੋਸ਼ੀਆਂ ਨੂੰ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ। ਅਭਿਨੇਤਾ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਸਦਮੇ ਵਿੱਚ ਹਨ।