ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੰਜੇ ਦੱਤ 'ਤੇ ਬਣ ਰਹੀ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਫ਼ਿਲਮ ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਵੇਗੀ। ਇਸੇ ਦਿਨ ਹਾਕੀ ਦੇ ਸੁਪਰਸਟਾਰ ਸੰਦੀਪ ਸਿੰਘ ਦੀ ਬਾਇਓਪਿਕ 'ਸੂਰਮਾ' ਵੀ ਰਿਲੀਜ਼ ਹੋਣੀ ਹੈ। ਇਸ ਵਿੱਚ ਪੰਜਾਬੀ ਦੇ ਸੁਪਰਸਟਾਰ ਐਕਟਰ ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਨੇ ਮੁੱਖ ਭੂਮਿਕਾ ਨਿਭਾਈ ਹੈ। ਸੰਜੇ ਦੱਤ ਦੀ ਬਾਇਓਪਿਕ ਵਿੱਚ ਰਣਬੀਰ ਕਪੂਰ ਮੁੱਖ ਅਦਾਕਾਰ ਹਨ।
ਅੱਜ ਸੋਸ਼ਲ ਮੀਡੀਆ ਰਾਹੀਂ ਇਸ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਗਿਆ। ਇਸ ਨੂੰ ਰਾਜ ਕੁਮਾਰ ਹਿਰਾਨੀ ਡਾਇਰੈਕਟ ਕਰ ਰਹੇ ਹਨ। ਵਿਧੁ ਵਿਨੋਦ ਚੋਪੜਾ ਇਸ ਦੇ ਪ੍ਰੋਡਿਊਸਰ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਜਿਹੜੀਆਂ ਫ਼ੋਟੋਆਂ ਸਾਹਮਣੇ ਆਈਆਂ ਸਨ, ਉਸ ਵਿੱਚ ਰਣਬੀਰ ਪੂਰੀ ਤਰਾਂ ਸੰਜੇ ਦੱਤ ਵਾਂਗ ਨਜ਼ਰ ਆ ਰਹੇ ਸਨ।
ਇਸ ਫ਼ਿਲਮ ਵਿੱਚ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਦਾ ਕਿਰਦਾਰ ਅਦਾਕਾਰਾ ਮਨੀਸ਼ਾ ਕੋਇਰਾਲਾ ਅਦਾ ਕਰ ਰਹੀ ਹੈ। ਮਨੀਸ਼ਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੂਟਿੰਗ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਮਨੀਸ਼ਾ ਦੇ ਇਸ ਲੁੱਕ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋਈ ਸੀ।
ਫ਼ਿਲਮ ਵਿੱਚ ਸੰਜੇ ਦੱਤ ਦੀ ਪਤਨੀ ਦੀ ਭੂਮਿਕਾ ਵਿੱਚ ਦੀਆ ਮਿਰਜ਼ਾ ਹੈ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸੋਨਮ ਕਪੂਰ, ਅਨੁਸ਼ਕਾ ਸ਼ਰਮਾ, ਪਰੇਸ਼ ਰਾਵਲ, ਕਰਿਸ਼ਮਾ ਤੱਨਾ ਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ।