ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖ਼ਾਨ ਨੂੰ ਮਹਾਰਾਸ਼ਟਰ ਵਿਧਾਨ ਸਬਾ ਦੇ ਵਿਧਾਇਕ ਜੈਅੰਤ ਪਾਟਿਲ ਨੇ ਬੀਤੇ ਦਿਨ ਜੰਮ ਕੇ ਬੁਰਾ ਭਲਾ ਕਿਹਾ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਪਾਟਿਲ ਨੇ ਸ਼ਾਹਰੁਖ਼ ਖ਼ਾਨ ਨੂੰ ਝਿੜਕਦਿਆਂ ਕਿਹਾ, "ਹੋਵੇਂਗਾ ਕਿਤੋਂ ਦਾ ਸੁਪਰ ਸਟਾਰ। ਇੱਥੋਂ ਦਾ ਨਹੀਂ।" ਇਹ ਵੀਡੀਓ 2 ਨਵੰਬਰ ਦਾ ਦੱਸਿਆ ਜਾ ਰਿਹਾ ਹੈ ਜਦੋਂ ਸ਼ਾਹਰੁਖ਼ ਆਪਣਾ ਜਨਮ ਦਿਨ ਮਨਾਉਣ ਲਈ ਅਲੀਬਾਗ਼ ਵਾਲੇ ਬੰਗਲੇ 'ਚ ਗਿਆ ਸੀ।
ਜਾਣਕਾਰੀ ਮੁਤਾਬਕ ਸ਼ਾਹਰੁਖ ਖ਼ਾਨ ਆਪਣਾ ਜਨਮ ਦਿਨ ਮਨਾ ਕੇ ਅਲੀਬਾਗ਼ ਤੋਂ ਸਪੈਸ਼ਲ ਕਿਸ਼ਤੀ (ਯਾਚ) ਵਿੱਚ ਮੁੰਬਈ ਆ ਰਿਹਾ ਸੀ। ਉਸੇ ਸਮੇਂ ਜੈਅੰਤ ਪਾਟਿਲ ਮੁੰਬਈ ਦੇ ਕੋਲਾਬਾ ਤੋਂ ਆਪਣੇ ਯਾਚ ਵਿੱਚ ਰਾਏਗੜ੍ਹ ਜਾਣ ਵਾਲਾ ਸੀ। ਸ਼ਾਹਰੁਖ ਦੇ ਆਉਣ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਉਸ ਦੇ ਪ੍ਰਸ਼ੰਸਕ ਜਮ੍ਹਾਂ ਹੋ ਗਏ। ਲੋਕਾਂ ਨੂੰ ਕਾਬੂ ਕਰਨ ਵਿੱਚ ਸਮਾਂ ਲੱਗਣ ਕਾਰਨ ਸ਼ਾਹਰੁਖ ਆਪਣੇ ਯਾਚ ਵਿੱਚ ਹੀ ਬੈਠਾ ਰਿਹਾ।
ਦੂਜੇ ਪਾਸੇ ਭੀੜ ਨਾਲ ਧੱਕਾ-ਮੁੱਕੀ ਕਰਦਿਆਂ ਵਿਧਾਇਕ ਪਾਟਿਲ ਜਦੋਂ ਕਿਸ਼ਤੀ ਵਿੱਚ ਬੈਠਣ ਲਈ ਪਹੁੰਚਿਆ ਤਾਂ ਵੇਖਿਆ ਕਿ ਸ਼ਾਹਰੁਖ ਦਾ ਯਾਚ ਖੜ੍ਹੇ ਹੋਣ ਕਾਰਨ ਉਸ ਦਾ ਯਾਚ ਉੱਥੇ ਨਹੀਂ ਸੀ ਲੱਗ ਸਕਦਾ। ਇਹ ਵੇਖ ਵਿਧਾਇਕ ਦਾ ਪਾਰਾ ਚੜ੍ਹ ਗਿਆ ਤੇ ਉਸ ਨੇ ਸ਼ਰ੍ਹੇਆਮ ਸ਼ਾਹਰੁਖ਼ ਦੀ ਬੇਇੱਜ਼ਤੀ ਕਰ ਦਿੱਤੀ।
ਜੈਅੰਤ ਨੇ ਸ਼ਾਹਰੁਖ਼ ਨੂੰ ਕਿਹਾ, "ਤੂੰ ਹੋਵੇਂਗਾ ਕਿਤੋਂ ਦਾ ਸਟਾਰ ਪਰ ਇੱਥੋਂ ਦਾ ਨਹੀਂ। ਇਹ ਅਲੀਬਾਗ਼ ਤੂੰ ਖ਼ਰੀਦ ਲਿਆ?" ਉਸ ਦੇ ਅਜਿਹੇ ਵਤੀਰੇ 'ਤੇ ਸ਼ਾਹਰੁਖ਼ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਚੁੱਪਚਾਪ ਆਪਣੀ ਕਿਸ਼ਤੀ ਵਿੱਚੋਂ ਨਿਕਲ ਕੇ ਚਲਿਆ ਗਿਆ। ਸ਼ਾਹਰੁਖ ਦੇ ਅਜਿਹੇ ਵਤੀਰੇ ਦੀ ਜਿੱਥੇ ਉਸ ਦੇ ਪ੍ਰਸ਼ੰਸਕਾਂ ਨੇ ਰੱਜ ਕੇ ਸ਼ਲਾਘਾ ਕੀਤੀ, ਉੱਥੇ ਹੀ ਲੋਕਾਂ ਵੱਲੋਂ ਵਿਧਾਇਕ ਪਾਟਿਲ ਦੀ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ।