ਨਵੀਂ ਦਿੱਲੀ: ਕੋਰੋਨਾ ਕਾਲ ਵਿੱਚ ਲੋਕਾਂ ਦੀ ਸੇਵਾ ਕਰਕੇ ਚਰਚਾ ਵਿੱਚ ਆਏ ਪੰਜਾਬ ਦੇ ਅਦਾਕਾਰ ਸੋਨੂੰ ਸੂਦ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਦੋਸ਼ ਲਾਇਆ ਹੈ ਕਿ ਅਦਾਕਾਰ ਸੋਨੂ ਸੂਦ ਤੇ ਉਸ ਦੇ ਸਹਿਯੋਗੀਆਂ ਨੇ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ। ਇਸ ਦੇ ਨਾਲ ਹੀ ਚਰਚਾ ਛਿੜ ਗਈ ਹੈ ਕਿ ਸੋਨੂੰ ਸੂਦ ਨੂੰ ਆਮ ਆਦਮੀ ਪਾਰਟੀ ਦੀ ਨੇੜਤਾ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਉਧਰ ਸੀਬੀਡੀਟੀ ਨੇ ਦਾਅਵਾ ਕੀਤਾ ਕਿ ਆਮਦਨ ਕਰ ਵਿਭਾਗ ਨੇ ਜਦੋਂ ਸੋਨੂ ਸੂਦ ਤੇ ਉਸ ਨਾਲ ਸਬੰਧਤ ਲਖਨਊ ਆਧਾਰਤ ਇਨਫਰਾਸਟ੍ਰਕਚਰ ਸਮੂਹ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਤਾਂ ਪਾਇਆ ਕਿ ਉਸ ਨੇ ਆਪਣੀ ‘ਬਿਨਾ ਹਿਸਾਬ ਦੀ ਆਮਦਨ ਨੂੰ ਕਈ ਫ਼ਰਜ਼ੀ ਸੰਸਥਾਵਾਂ ਤੋਂ ਫ਼ਰਜ਼ੀ ਅਸੁਰੱਖਿਅਤ ਕਰਜ਼ੇ ਦੇ ਰੂਪ ਵਿਚ’ ਦਰਸਾਇਆ ਹੋਇਆ ਸੀ। ਬੋਰਡ ਨੇ ਸੂਦ ’ਤੇ ਵਿਦੇਸ਼ਾਂ ਤੋਂ ਦਾਨ ਇਕੱਤਰ ਕਰਨ ਦੌਰਾਨ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਦਾ ਉਲੰਘਣ ਕਰਨ ਦਾ ਦੋਸ਼ ਵੀ ਲਗਾਇਆ।


ਆਮਦਨ ਕਰ ਵਿਭਾਗ ਨੇ 48 ਸਾਲਾ ਅਦਾਕਾਰ ਤੇ ਲਖਨਊ ਸਥਿਤ ਕਾਰੋਬਾਰੀ ਸਮੂਹ ਦੇ ਟਿਕਾਣਿਆਂ ’ਤੇ 15 ਸਤੰਬਰ ਨੂੰ ਛਾਪੇ ਮਾਰੇ ਸਨ ਅਤੇ ਸੀਬੀਡੀਟੀ ਨੇ ਦੱਸਿਆ ਕਿ ਛਾਪੇ ਹੁਣੇ ਜਾਰੀ ਹਨ। ਸੀਬੀਡੀਟੀ ਨੇ ਇਕ ਬਿਆਨ ਵਿਚ ਕਿਹਾ, ‘‘ਅਦਾਕਾਰ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਟਿਕਾਣਿਆਂ ’ਤੇ ਛਾਪਿਆਂ ਦੌਰਾਨ ਟੈਕਸ ਚੋਰੀ ਨਾਲ ਸਬੰਧਤ ਸਬੂਤ ਮਿਲੇ ਹਨ।’’


ਵਿਭਾਗ ਨੇ ਕਿਹਾ, ‘‘ਅਦਾਕਾਰ ਵੱਲੋਂ ਅਪਣਾਈ ਜਾਣ ਵਾਲੀ ਮੁੱਖ ਕਾਰਜਪ੍ਰਣਾਲੀ ਇਹ ਸੀ ਕਿ ਉਹ ਆਪਣੀ ਬੇਹਿਸਾਬੀ ਆਮਦਨ ਨੂੰ ਕਈ ਫ਼ਰਜ਼ੀ ਸੰਸਥਾਵਾਂ ਤੋਂ ਫ਼ਰਜ਼ੀ ਅਸੁਰੱਖਿਅਤ ਕਰਜ਼ੇ ਦੇ ਰੂਪ ਵਿਚ ਤਬਦੀਲ ਕਰਦਾ ਸੀ।’’ ਹੁਣ ਤੱਕ ਇਸ ਤਰ੍ਹਾਂ ਦੀਆਂ 20 ਐਂਟਰੀਆਂ ਦੇ ਇਸਤੇਮਾਲ ਦੀ ਜਾਣਕਾਰੀ ਮਿਲੀ ਹੈ।


ਇਹ ਵੀ ਪੜ੍ਹੋਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ, ਅਦਾਲਤ ਨੇ H1-B ਵੀਜ਼ਾ ਨਿਯਮਾਂ 'ਚ ਬਦਲਾਅ ਕੀਤੇ ਰੱਦ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904