Hindi Dubbed Movies Box Office Collection: ਅੱਜ-ਕੱਲ੍ਹ ਦੱਖਣ ਭਾਰਤੀ ਫ਼ਿਲਮਾਂ ਤੇ ਬਾਲੀਵੁੱਡ ਫ਼ਿਲਮਾਂ ਦੀ ਕਾਫ਼ੀ ਚਰਚਾ ਹੈ। ਦਰਸ਼ਕਾਂ ਤੋਂ ਲੈ ਕੇ ਆਲੋਚਕ ਤੱਕ ਇਸ ਮੁੱਦੇ 'ਤੇ ਆਪਣੀ-ਆਪਣੀ ਰਾਏ ਜ਼ਾਹਰ ਕਰ ਰਹੇ ਹਨ। ਦੱਖਣ ਦੀ ਫ਼ਿਲਮ ਇੰਡਸਟਰੀ ਨੇ ਹਾਲ ਹੀ ਦੇ ਸਾਲਾਂ 'ਚ ਇੱਕ ਤੋਂ ਬਾਅਦ ਇੱਕ ਵੱਡੀ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ਦਾ ਕ੍ਰੇਜ਼ ਅਜਿਹਾ ਰਿਹਾ ਹੈ ਕਿ ਬਾਲੀਵੁੱਡ ਦੇ ਮੈਗਾ ਸਟਾਰ ਤੇ ਹਾਈ ਬਜਟ ਫ਼ਿਲਮਾਂ ਵੀ ਫਿੱਕੀਆਂ ਨਜ਼ਰ ਆਉਣ ਲੱਗਦੀਆਂ ਹਨ।



ਹਾਲ ਹੀ ਦੇ ਸਾਲਾਂ 'ਚ ਬਾਹੂਬਲੀ ਦ ਬਿਗਨਿੰਗ, ਬਾਹੂਬਲੀ ਦ ਕੰਕਲੂਜ਼ਨ ਤੇ 2.0 ਵਰਗੀਆਂ ਫ਼ਿਲਮਾਂ ਨੇ ਹਿੰਦੀ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਹਿੰਦੀ ਦੇ ਦਰਸ਼ਕ ਹੁਣ ਬਾਲੀਵੁੱਡ ਫ਼ਿਲਮਾਂ ਨਾਲੋਂ ਸਾਊਥ ਦੀਆਂ ਫ਼ਿਲਮਾਂ ਦਾ ਜ਼ਿਆਦਾ ਇੰਤਜ਼ਾਰ ਕਰਦੇ ਹਨ। ਇਸ ਦੀ ਇੱਕ ਵੱਡੀ ਉਦਾਹਰਣ ਹਾਲ ਹੀ 'ਚ ਰਿਲੀਜ਼ ਹੋਈ KGF ਚੈਪਟਰ 2 ਹੈ। ਇਸ ਦੇ ਪਹਿਲੇ ਭਾਗ ਨੇ ਹਿੰਦੀ 'ਚ ਚੰਗਾ ਕਾਰੋਬਾਰ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਦੂਜੇ ਚੈਪਟਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਜਦੋਂ ਕੇਜੀਐਫ-2 ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਤਾਂ ਬਹੁਤ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ। ਗ਼ੈਰ-ਹਿੰਦੀ ਫ਼ਿਲਮ ਹੋਣ ਦੇ ਬਾਵਜੂਦ ਇਸ ਨੇ ਹਿੰਦੀ ਬੈਲਟ 'ਚ ਕਮਾਈ ਦੇ ਮਾਮਲੇ ਵਿੱਚ ਸਾਰੀਆਂ ਬਾਲੀਵੁੱਡ ਫ਼ਿਲਮਾਂ ਨੂੰ ਪਿੱਛੇ ਛੱਡ ਦਿੱਤਾ। ਕੇਜੀਐਫ ਚੈਪਟਰ-2 ਨੇ ਆਮਿਰ ਖ਼ਾਨ ਦੀ ਦੰਗਲ, ਰਣਬੀਰ ਕਪੂਰ ਦੀ ਸੰਜੂ ਤੇ ਸਲਮਾਨ ਖ਼ਾਨ ਦੀ ਬਜਰੰਗੀ ਭਾਈਜਾਨ ਵਰਗੀਆਂ ਵੱਡੀਆਂ ਫ਼ਿਲਮਾਂ ਦੇ ਆਲ-ਟਾਈਮ ਕਾਰੋਬਾਰ ਨੂੰ ਪਿੱਛੇ ਛੱਡ ਦਿੱਤਾ। ਫ਼ਿਲਮ ਨੇ ਸਿਰਫ਼ 23 ਦਿਨਾਂ 'ਚ 400 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਕੇਜੀਐਫ-2 ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ RRR ਦੇ ਹਿੰਦੀ ਵਰਜ਼ਨ ਨੇ ਵੀ ਹੁਣ ਤੱਕ ਸ਼ਾਨਦਾਰ ਕਾਰੋਬਾਰ ਕੀਤਾ ਹੈ। ਇਸ ਫ਼ਿਲਮ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫ਼ਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਅੱਲੂ ਅਰਜੁਨ ਦੀ 'ਪੁਸ਼ਪਾ' ਨੇ ਵੀ ਵੱਡਾ ਕਮਾਲ ਕੀਤਾ ਤੇ 100 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ। ਖ਼ਾਸ ਗੱਲ ਇਹ ਹੈ ਕਿ ਹੁਣ ਹਿੰਦੀ ਭਾਸ਼ਾ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ 'ਚ ਹਿੰਦੀ 'ਚ ਬਣੀਆਂ ਫ਼ਿਲਮਾਂ ਤੀਜੇ ਨੰਬਰ 'ਤੇ ਆ ਗਈਆਂ ਹਨ। ਬਾਹੂਬਲੀ-2 ਤੇ ਕੇਜੀਐਫ-2 ਪਹਿਲੇ ਦੋ ਸਥਾਨਾਂ 'ਤੇ ਹਨ।

ਕਿਹੜੀ ਹਿੰਦੀ ਡੱਬ ਫ਼ਿਲਮ ਨੇ ਕਿੰਨੀ ਕਮਾਈ ਕੀਤੀ?
ਬਾਹੂਬਲੀ 2: ਦ ਕੰਕਲੂਜ਼ਨ - 511.30 ਕਰੋੜ ਰੁਪਏ
ਕੇਜੀਐਫ ਚੈਪਟਰ 2 - 401.80* ਕਰੋੜ ਰੁਪਏ
ਆਰਆਰਆਰ - 261.83* ਕਰੋੜ ਰੁਪਏ
2.0 - 188 ਕਰੋੜ ਰੁਪਏ
ਬਾਹੂਬਲੀ : ਦ ਬਿਗਨਿੰਗ - 120 ਕਰੋੜ ਰੁਪਏ
ਪੁਸ਼ਪਾ - 106 ਕਰੋੜ ਰੁਪਏ
ਕੇਜੀਐਫ ਚੈਪਟਰ 1 - 44.09 ਕਰੋੜ ਰੁਪਏ

ਇਨ੍ਹਾਂ ਫਿਲਮਾਂ ਦੇ ਅੰਕੜਿਆਂ ਤੋਂ ਸਾਫ਼ ਹੈ ਕਿ ਹਿੰਦੀ ਸਿਨੇਮਾ ਦੇ ਦਰਸ਼ਕ ਦੱਖਣ ਦੀਆਂ ਫ਼ਿਲਮਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਦਮਦਾਰ ਕਹਾਣੀ, ਸ਼ਾਨਦਾਰ ਐਕਟਿੰਗ ਤੇ ਐਕਸ਼ਨ ਇਮੋਸ਼ਨ ਕਾਰਨ ਪ੍ਰਸ਼ੰਸਕ ਆਪਣਾ ਮੂੰਹ ਨਹੀਂ ਮੋੜ ਪਾ ਰਹੇ ਹਨ। ਆਉਣ ਵਾਲੇ ਦਿਨਾਂ 'ਚ ਸਾਊਥ ਦੀਆਂ ਫ਼ਿਲਮਾਂ 'ਤੇ ਆਲੋਚਕਾਂ ਤੇ ਟਰੇਡ ਮਾਹਿਰਾਂ ਦੀ ਖ਼ਾਸ ਨਜ਼ਰ ਰਹੇਗੀ।