ਨਵੀਂ ਦਿੱਲੀ: ਪਰਮਵੀਰ ਚੱਕਰ ਜੇਤੂ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ ਪੰਜਾਬੀ ਦੇ ਨਾਲ-ਨਾਲ ਤਿੰਨ ਹੋਰ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਮਈ ਵਿੱਚ ਰਿਲੀਜ਼ ਹੋ ਸਕਦੀ ਹੈ। ਫ਼ਿਲਮ ਡਾਇਰੈਕਟਰ ਸਮਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਲਕ ਵਿੱਚ ਪਹਿਲੀ ਅਜਿਹੀ ਬਾਇਓਪਿਕ ਹੋਵੇਗੀ ਜਿਹੜੀ ਕਿਸੇ ਪਰਮਵੀਰ ਚੱਕਰ ਜਿੱਤਣ ਵਾਲੇ ਦੀ ਜ਼ਿੰਦਗੀ 'ਤੇ ਬਣ ਰਹੀ ਹੈ। ਪੰਜਾਬੀ ਤੋਂ ਇਲਾਵਾ ਇਹ ਹਿੰਦੀ, ਤਾਮਿਲ ਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ।

ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਇਸ ਦਾ ਟੀਜ਼ਰ ਸਾਗਾ ਮਿਊਜ਼ਿਕ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਸੂਬੇਦਾਰ ਦੀ ਜ਼ਿੰਦਗੀ ਬਾਰੇ ਬਣੀ ਫ਼ਿਲਮ 'ਤੇ ਹਰ ਭਾਰਤੀ ਨੂੰ ਨਾਜ਼ ਹੋਵੇਗਾ। ਗਿੱਪੀ ਗਰੇਵਾਲ ਇਸ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਦੇ ਰੂਪ ਵਿੱਚ ਨਜ਼ਰ ਆਉਣਗੇ।

ਸੂਬੇਦਾਰ ਜੋਗਿੰਦਰ ਸਿੰਘ ਸ਼ਹੀਦ ਹੋਣ ਤੋਂ ਪਹਿਲਾਂ 1962 ਵਿੱਚ ਚੀਨ ਨਾਲ ਹੋਈ ਜੰਗ ਵਿੱਚ ਸ਼ਾਮਲ ਹੋਏ ਸਨ। ਇਸ ਫ਼ਿਲਮ ਨੂੰ 14,000 ਫੁੱਟ ਉੱਚੀਆਂ ਥਾਵਾਂ 'ਤੇ ਸ਼ੂਟ ਕੀਤਾ ਗਿਆ ਹੈ। ਇਸ ਦੌਰਾਨ ਗਿੱਪੀ ਗਰੇਵਾਲ ਜ਼ਖਮੀ ਵੀ ਹੋ ਗਏ ਸੀ। ਇਸ ਤੋਂ ਇਲਾਵਾ ਸ਼ੂਟਿੰਗ ਕਾਰਗਿਲ, ਰਾਜਸਥਾਨ ਤੇ ਅਸਮ ਵਿੱਚ ਹੋਈ ਹੈ।