ਚੰਡੀਗੜ੍ਹ: ਬੀਤੇ ਦਿਨ ਸੋਸ਼ਲ ਮੀਡੀਆ ’ਤੇ ਸੰਨੀ ਲਿਓਨੀ ਦੀ ਪਹਿਲੀ ਤੇਲਗੂ ਫ਼ਿਲਮ ‘ਵੀਰਮਹਾਦੇਵੀ’ ਦੀ ਦਿੱਖ ਤੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸੰਨੀ ਇੱਕ ਯੋਧਾ ਬਣੀ ਨਜ਼ਰ ਆ ਰਹੀ ਹੈ। ਪੋਸਟਰ ਵਿੱਚ ਉਹ ਘੋੜੇ ’ਤੇ ਸਵਾਰ ਹੈ ਤਿ ਉਸ ਦੇ ਪਿੱਛੇ ਹਜ਼ਾਰਾਂ ਸੈਨਿਕ ਖੜ੍ਹੇ ਦਿਖਾਈ ਦੇ ਰਹੇ ਹਨ। ਇੰਝ ਲੱਗ ਰਿਹਾ ਹੈ ਕਿ ਲੜਾਈ ਸ਼ੁਰੂ ਕਰਨ ਲਈ ਫ਼ੌਜੀ ਸੰਨੀ ਦੇ ਇਸ਼ਾਰੇ ਦੀ ਹੀ ਉਡੀਕ ਕਰ ਰਹੇ ਹਨ।


 

ਇਸ ਫ਼ਿਲਮ ਦੇ ਅਨੁਸ਼ਕਾ ਸ਼ੈੱਟੀ ਦੀ ਰੁਦਰਮਾਦੇਵੀ ਦੀ ਤਰਜ਼ ’ਤੇ ਆਧਾਰਿਤ ਹੋਣ ਦੀ ਸੰਭਾਵਨਾ ਹੈ। ਜੇ ਸੰਨੀ ਇਸ ਫ਼ਿਲਮ ਵਿੱਚ ਅਨੁਸ਼ਕਾ ਸ਼ੈੱਟੀ ਵਰਗਾ ਕਿਰਦਾਰ ਨਿਭਾਉਂਦੀ ਹੈ ਤਾਂ ਇਹ ਉਸ ਲਈ ਵੱਡੀ ਬਰੇਕ ਹੋਵੇਗੀ। ਹੁਣ ਤਕ ਸੰਨੀ ਵਿਸ਼ੇਸ਼ ਗੀਤਾਂ ਵਿੱਚ ਨੱਚਣ ਤੇ ਮਹਿਮਾਨ ਭੂਮਿਕਾਵਾਂ ਨਿਭਾਉਣ ਤਕ ਹੀ ਸੀਮਿਤ ਸੀ।

ਵੀ.ਸੀ. ਵਦੀਵੁਦਿਆਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਸੰਨੀ ਨੂੰ ਤਲਵਾਰ ਚਲਾਉਣਾ ਤੇ ਮੱਧ ਕਾਲੀਨ ਲੜਾਈਆਂ ਦੇ ਹੋਰ ਢੰਗਾਂ ਦੀ ਸਿਖਲਾਈ ਲੈਣੀ ਪਈ। ਫ਼ਿਲਮ ਦੀ ਖ਼ਾਸੀਅਤ ਇਸ ਦੇ ਜੰਗੀ ਦ੍ਰਿਸ਼ ਲੱਗ ਰਹੇ ਹਨ। ਫ਼ਿਲਮ ਨਿਰਮਾਤਾਵਾਂ ਦੇ ਇੱਕ ਬਿਆਨ ਮੁਤਾਬਕ ਫ਼ਿਲਮ ਦੇ ਪੂਰੇ ਬਜਟ ਦਾ 40 ਫ਼ੀ ਸਦੀ (100 ਕਰੋੜ ਵਿੱਚੋਂ 40 ਕਰੋੜ ਰੁਪਏ) ਹਿੱਸਾ ਫ਼ਿਲਮ ਵਿੱਚ ਦਿਖਾਏ ਜਾਣ ਵਾਲੇ ਕੰਪਿਊਟਰ ਨਿਰਮਿਤ ਦ੍ਰਿਸ਼ਾਂ (Computer Generated Images)  ’ਤੇ ਖ਼ਰਚ ਹੋਵੇਗਾ।

ਰਿਪੋਰਟਾਂ ਮੁਤਾਬਕ ‘ਲੌਰਡ ਆਫ ਦਿ ਰਿੰਗਜ਼’ ਤੇ ‘ਗੌਡਜ਼ ਆਫ ਇਜਿਪਟ’ ਬਣਾਉਣ ਵਾਲਿਆਂ ਵਿੱਚੋਂ ਇੱਕ ਤਕਨੀਕੀ ਮਾਹਰ ਇਸ ਫ਼ਿਲਮ ਦਾ ਨਿਰਮਾਤਾ ਹੈ।