Zakir Hussain: ਏਬੀਪੀ ਨਿਊਜ਼ ਨੇ ਲੰਡਨ ਵਿੱਚ ਰਹਿਣ ਵਾਲੀ ਜ਼ਾਕਿਰ ਹੁਸੈਨ ਦੀ ਵੱਡੀ ਭੈਣ ਖੁਰਸ਼ੀਦ ਔਲੀਆ ਨਾਲ ਗੱਲ ਕੀਤੀ। ਖੁਰਸ਼ੀਦ ਔਲੀਆ ਨੇ ਭਰਾ ਜ਼ਾਕਿਰ ਹੁਸੈਨ ਦੀ ਮੌਤ ਦੀ ਖਬਰ ਨੂੰ ਗਲਤ ਕਰਾਰ ਦਿੱਤਾ ਹੈ। ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਇਸ ਸਮੇਂ ਸੈਨ ਫਰਾਂਸਿਸਕੋ ਦੇ ਹਸਪਤਾਲ 'ਚ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜ਼ਾਕਿਰ ਹੁਸੈਨ ਜ਼ਿੰਦਾ ਹਨ ਅਤੇ ਉਨ੍ਹਾਂ ਦੇ ਮਰਨ ਦੀਆਂ ਸਾਰੀਆਂ ਖ਼ਬਰਾਂ ਗ਼ਲਤ ਹਨ।
ਖੁਰਸ਼ੀਦ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ, ਪਰ ਉਹ ਜ਼ਿੰਦਾ ਹੈ। ਜ਼ਾਕਿਰ ਹੁਸੈਨ ਦੀ ਭੈਣ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਫੈਲਾਉਣ ਵਾਲੇ ਆਖਿਰ ਕਿਸ ਦੇ ਕਹਿਣ 'ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਰਹੇ ਹਨ ਅਤੇ ਅਜਿਹਾ ਕਿਉਂ ਕਰ ਰਹੇ ਹਨ ਜਦਕਿ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਖੁਰਸ਼ੀਦ ਨੇ ਦੱਸਿਆ ਕਿ ਭਰਾ ਦੇ ਬਿਮਾਰ ਹੋਣ ਕਰਕੇ ਉਨ੍ਹਾਂ ਨੇ ਅਮਰੀਕਾ ਜਾਣਾ ਸੀ ਪਰ ਕਿਸੇ ਕਾਰਨ ਕਰਕੇ ਉਹ ਜਾ ਨਹੀਂ ਸਕੇ ਅਤੇ ਆਪਣੀ ਧੀ ਨੂੰ ਉੱਥੇ ਭੇਜਣਾ ਪਿਆ। ਖੁਰਸ਼ੀਦ ਨੇ ਦੱਸਿਆ ਕਿ ਜ਼ਿਆਦਾ ਕੰਮ, ਭੱਜਦੌੜ, ਥਕਾਵਟ, ਆਰਾਮ ਨਾ ਮਿਲਣਾ ਅਤੇ ਖੁਰਾਕ 'ਤੇ ਧਿਆਨ ਨਾ ਦੇਣ ਕਰਕੇ ਜ਼ਾਕਿਰ ਦੇ ਦਿਲ ਅਤੇ ਲੀਵਰ 'ਤੇ ਮਾੜਾ ਅਸਰ ਪਿਆ ਹੈ। ਖੁਰਸ਼ੀਦ ਨੇ ਲੋਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਉਨ੍ਹਾਂ ਦੀ ਮੌਤ ਦੀ ਖਬਰ ਨਾ ਫੈਲਾਉਣ।
ਕੌਣ ਹੈ ਜ਼ਾਕਿਰ ਹੁਸੈਨ
ਜ਼ਾਕਿਰ ਹੁਸੈਨ ਮਸ਼ਹੂਰ ਤਬਲਾ ਵਾਦਕ ਅੱਲ੍ਹਾ ਰਾਖਾ ਖਾਨ ਦੇ ਪੁੱਤਰ ਹਨ। ਜ਼ਾਕਿਰ ਹੁਸੈਨ ਨੇ 7 ਸਾਲ ਦੀ ਉਮਰ ਵਿੱਚ ਤਬਲਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਅਤੇ 12 ਸਾਲ ਦੀ ਉਮਰ ਵਿੱਚ ਦੇਸ਼ ਭਰ ਵਿੱਚ ਘੁੰਮਦੇ ਹੋਏ ਪਰਫਾਰਮੈਂਸ ਕਰਨੀ ਸ਼ੁਰੂ ਕਰ ਦਿੱਤੀ।
ਇਨ੍ਹਾਂ ਅਵਾਰਡਸ ਨਾਲ ਨਿਵਾਜੇ ਜਾ ਚੁੱਕੇ ਹੁਸੈਨ
ਭਾਰਤ ਸਰਕਾਰ ਨੇ ਜ਼ਾਕਿਰ ਹੁਸੈਨ ਨੂੰ 1988 ਵਿੱਚ ਪਦਮ ਸ਼੍ਰੀ, 2002 ਵਿੱਚ ਪਦਮ ਵਿਭੂਸ਼ਣ ਅਤੇ ਸਾਲ 2023 ਵਿੱਚ ਪਦਮ ਵਿਭੂਸ਼ਣ ਵਰਗੇ ਉੱਚਤਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਜ਼ਾਕਿਰ ਹੁਸੈਨ ਨੂੰ 1990 ਵਿੱਚ ਸੰਗੀਤ ਦਾ ਸਰਵਉੱਚ ਸਨਮਾਨ ‘ਸੰਗੀਤ ਨਾਟਕ ਅਕਾਦਮੀ ਐਵਾਰਡ’ ਵੀ ਦਿੱਤਾ ਜਾ ਚੁੱਕਿਆ ਹੈ। ਉਸਤਾਦ ਜ਼ਾਕਿਰ ਹੁਸੈਨ ਨੂੰ ਆਪਣੇ ਕਰੀਅਰ ਵਿੱਚ 7 ਵਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚੋਂ ਉਨ੍ਹਾਂ ਨੇ ਚਾਰ ਵਾਰ ਇਹ ਪੁਰਸਕਾਰ ਜਿੱਤਿਆ ਸੀ।