ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਵਿਡ-19 ਮਹਾਮਾਰੀ ਕਾਰਨ ਕੈਨੇਡਾ ਦੀਆਂ ਕੁਝ ਯੂਨੀਵਰਸਿਟੀਜ਼ ਤੇ ਹੋਰ ਵਿਦਿਅਕ ਅਦਾਰਿਆਂ ’ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ। ਇਸੇ ਲਈ ਕੈਨੇਡਾ ਸਰਕਾਰ ਵੱਲੋਂ ਕੁਝ ਹੋਰ ਵੱਡੇ ਕਾਲਜਾਂ ਤੇ ਯੂਨੀਵਰਸਿਟੀਜ਼ ਨੂੰ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਇੰਝ ਹੁਣ ਭਾਰਤੀ ਵਿਦਿਆਰਥੀਆਂ ਲਈ ਵੀ ਕੈਨੇਡੀਅਨ ਯੂਨੀਵਰਸਿਟੀਜ਼ ਦੇ ਦਰ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ।
ਉਂਝ ਪਹਿਲਾਂ ਤਾਂ ਕੈਨੇਡਾ ਸਰਕਾਰ ਨੇ ਹਰੇਕ ਤਰ੍ਹਾਂ ਦੇ ਵਿਦੇਸ਼ੀਆਂ ਦੇ ਆਉਣ ’ਤੇ ਪਾਬੰਦੀ ਲਾਈ ਹੋਈ ਸੀ; ਕੇਵਲ ਕੈਨੇਡੀਅਨ ਨਾਗਰਿਕਾਂ ਦੇ ਸਕੇ ਰਿਸ਼ਤੇਦਾਰ ਹੀ ਖ਼ਾਸ ਉਡਾਣਾਂ ਰਾਹੀਂ ਆ ਤੇ ਜਾ ਸਕਦੇ ਸਨ। ਉਸ ਤੋਂ ਬਾਅਦ ਇਜਾਜ਼ਤ ਦਿੱਤੀ ਗਈ ਕਿ ਜਿਨ੍ਹਾਂ ਨੂੰ 18 ਮਾਰਚ, 2020 ਨੂੰ ਜਾਂ ਉਸ ਤੋਂ ਪਹਿਲਾਂ ਕੈਨੇਡਾ ਆਉਣ ਦੀ ਪ੍ਰਵਾਨਗੀ ਮਿਲ ਗਈ ਸੀ; ਸਿਰਫ਼ ਉਹੀ ਕੈਨੇਡਾ ਆ ਸਕਦੇ ਸਨ ਪਰ ਦੇਸ਼ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵੱਡੇ ਪੱਧਰ ਉੱਤੇ ਘਟ ਜਾਣ ਕਾਰਨ ਇਮੀਗ੍ਰੇਸ਼ਨ ਸਖ਼ਤੀਆਂ ਨੂੰ ਹੁਣ ਕੁਝ ਨਰਮ ਕਰ ਦਿੱਤਾ ਗਿਆ ਹੈ।
‘ਸੀਆਈਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਮੋਹਾਨਦ ਮੋਏਤਾਜ਼ ਦੀ ਰਿਪੋਰਟ ਅਨੁਸਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਵਾਲੀਆਂ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੋਵਿਡ-19 ਲਈ ਆਪਣੀ ਕੋਈ ਅਜਿਹੀ ਠੋਸ ਯੋਜਨਾ ਉਲੀਕਣ, ਜੋ ਸਬੰਧਤ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਵੱਲੋਂ ਪ੍ਰਵਾਨ ਤੇ ਮਾਨਤਾ ਪ੍ਰਾਪਤ ਹੋਵੇ।
ਤਾਜ਼ਾ ਰਿਪੋਰਟ ਅਨੁਸਾਰ ਉਨਟਾਰੀਓ ਦੀਆਂ ਯੂਨੀਵਰਸਿਟੀ ਆੱਫ਼ ਵਾਟਰਲੂ, ਰਾਇਰਸਨ ਯੂਨੀਵਰਸਿਟੀ, ਓਸੀਏਡੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਵਿੰਡਸਰ ਨੂੰ ਵੀ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਂਝ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਓਂਟਾਰੀਓ ਦੀਆਂ ਕਈ ਯੂਨੀਵਰਸਿਟੀਜ਼ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਵੀ ਦਰਜ ਕੀਤਾ ਗਿਆ ਹੈ।
ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਪੁੱਜਣ ਤੋਂ ਬਾਅਦ 14 ਦਿਨਾਂ ਦੇ ਕੁਆਰੰਟੀਨ (ਏਕਾਂਤਵਾਸ) ਵਿੱਚ ਰਹਿਣਾ ਜ਼ਰੂਰੀ ਹੈ। ਇਸ ਨਿਯਮ ਦੀ ਉਲੰਘਣਾ ਕਰਨ ’ਤੇ ਬਹੁਤ ਭਾਰੀ ਜੁਰਮਾਨੇ ਲਾਏ ਜਾਂਦੇ ਹਨ।