Carry On Jatta 3: `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਇੰਨੀਂ ਦਿਨੀਂ ਇੰਗਲੈਂਡ `ਚ ਚੱਲ ਰਹੀ ਹੈ। ਇਸ ਦੌਰਾਨ ਫ਼ਿਲਮ ਦੇ ਸੈੱਟ ਤੋਂ ਇੱਕ ਤੋਂ ਬਾਅਦ ਇੱਕ ਮਜ਼ੇਦਾਰ ਵੀਡੀਓ ਸਾਹਮਣੇ ਆ ਰਹੇ ਹਨ। ਇਸ ਦੌਰਾਨ ਫ਼ਿਲਮ ਦੀ ਪੂਰੀ ਟੀਮ ਸੀਨੀਆ ਐਕਟਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦੀ ਖਿਚਾਈ ਕਰਦੀ ਨਜ਼ਰ ਆ ਰਹੀ ਹੈ। ਦਰਅਸਲ, ਜਸਵਿੰਦਰ ਭੱਲਾ ਨੂੰ ਸ਼ੂਗਰ ਦੀ ਬੀਮਾਰੀ ਹੈ, ਜਿਸ ਦੇ ਚਲਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪਰਹੇਜ਼ ਰੱਖਣ ਦੀਆਂ ਸਖ਼ਤ ਹਦਾਇਤਾਂ ਹਨ। ਇਸ ਦੌਰਾਨ ਜਸਵਿੰਦਰ ਭੱਲਾ ਆਪਣੇ ਘਰ ਤੋਂ ਵੀ ਦੂਰ ਹਨ ਅਤੇ ਜ਼ਾਹਰ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਨਹੀਂ ਹੈ ਤਾਂ ਭੱਲਾ ਦੀ ਦੇਖਭਾਲ ਦੀ ਜ਼ਿੰਮੇਵਾਰੀ ਫ਼ਿਲਮ ਦੀ ਸਟਾਰਕਾਸਟ ਦੀ ਹੈ।
ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਫ਼ਿਲਮ ਦੀ ਸਟਾਰ ਕਾਸਟ ਭੱਲਾ ਦੀ ਖਿਚਾਈ ਕਰਦੀ ਨਜ਼ਰ ਆ ਰਹੀ ਹੈ। ਬਿਨੂੰ ਢਿੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਭੱਲਾ ਨੂੰ ਸ਼ੂਗਰ ਕਰਕੇ ਡਾਕਟਰਾਂ ਵੱਲੋਂ ਪਰਹੇਜ਼ ਰੱਖਣ ਦੀਆਂ ਸਖ਼ਤ ਹਦਾਇਤਾਂ ਹਨ। ਬਾਵਜੂਦ ਇਸਦੇ ਉਹ ਮਿੱਠਾ ਤੇ ਤਲਿਆ ਹੋਇਆ ਭੋਜਨ ਖਾਣ ਤੋਂ ਗੁਰੇਜ਼ ਨਹੀਂ ਕਰਦੇ। ਵੀਡੀਓ `ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਭੱਲਾ ਦੇ ਤਲਿਆ ਹੋਇਆ ਭੋਜਨ ਖਾ ਰਹੇ ਹਨ। ਇਸ ਦੌਰਾਨ ਫ਼ਿਲਮ ਦੀ ਟੀਮ ਉਨ੍ਹਾਂ ਨੂੰ ਧਮਕਾ ਰਹੀ ਹੈ ਕਿ ਭੱਲਾ ਸਾਹਿਬ ਆਹ ਛੱਡ ਦਿਓ ਨਹੀਂ ਤਾਂ ਇਹ ਵੀਡੀਓ ਤੁਹਾਡੇ ਘਰ ਪਹੰਚ ਜਾਊਗਾ। ਇਹ ਵੀਡੀਓ ਖੁਦ ਭੱਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਦੇ ਨਾਲ ਕੈਪਸ਼ਨ ਲਿਖੀ, "ਕੈਰੀ ਆਨ ਜੱਟਾ 3 ਦੇ ਸੈੱਟ ਤੇ ਗਿੱਪੀ, ਬਿਨੂੰ, ਅਨਮੋਲ ਆਪ ਸਾਰੇ ਮੀਟ ਮੱਛੀਆਂ ਖਾਂਦੇ ਆ ਤੇ ਮੈਂ ਜੇ ਮਾੜਾ ਜਿਹਾ ਸਮੋਸਾ ਵੀ ਚੱਕ ਲਵਾਂ ਤਾਂ ਪਤੰਦਰ ਪਿਸਤੌਲਾਂ ਵਾਂਗ ਫ਼ੋਨ ਕੱਢ ਕੇ ਖੜ ਜਾਂਦੇ ਆ ਆਲੇ ਦੁਆਲੇ ਵੀਡੀਓ ਬਣਾਉਣ। ਫ਼ਿਰ ਕਹਿੰਦੇ ਆ ਐਡਵੋਕੇਟ ਢਿੱਲੋਂ ਇਹ ਕਿਉਂ ਕਹਿੰਦਾ ਕਿ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ।"
ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਅਜਿਹਾ ਹੀ ਇੱਕ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ, ਜਿਸ ਵਿੱਚ ਗਿੱਪੀ ਗਰੇਵਾਲ ਭੱਲਾ ਦੀ ਕਲਾਸ ਲਗਾਉਂਦੇ ਨਜ਼ਰ ਆਏ ਸੀ। ਉਹ ਭੱਲਾ ਨੂੰ ਬਿਸਕੁਟ ਖਾਣ ਤੋਂ ਮਨਾ ਕਰ ਰਹੇ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਗਿਆ ਸੀ।
ਕਾਬਿਲੇਗ਼ੌਰ ਹੈ ਕਿ ਕੈਰੀ ਆਨ ਜੱਟਾ 3 29 ਜੂਨ 2023 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਚ ਚੱਲ ਰਹੀ ਹੈ। ਫ਼ਿਲਮ ਨੂੰ ਹਿੰਦੀ, ਪੰਜਾਬੀ ਸਣੇ ਤੇਲਗੂ ਤਾਮਿਲ ਤੇ ਹੋਰ ਕਈ ਭਾਰਤੀ ਭਾਸ਼ਾਵਾਂ `ਚ ਰਿਲੀਜ਼ ਕੀਤਾ ਜਾਣਾ ਹੈ।