Diljit Dosanjh India Tour: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਪੂਰੀ ਦੁਨੀਆ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਦੇ ਵਰਲਡ ਟੂਰ `ਬੋਰਨ ਟੂ ਸ਼ਾਈਨ` ਦੇ ਸ਼ੋਅਜ਼ ਹਾਊਸਫੁੱਲ ਰਹੇ। ਦਿਲਜੀਤ ਦੋਸਾਂਝ ਹੁਣ ਤੱਕ ਅਮਰੀਕਾ, ਕੈਨੇਡਾ ਤੇ ਇੰਗਲੈਂਡ `ਚ ਮਿਊਜ਼ਿਕ ਕੰਸਰਟ ਕਰ ਚੁੱਕੇ ਹਨ। 


ਦਿਲਜੀਤ ਦੋਸਾਂਝ ਨੇ ਹੁਣ ਘਰੇਲੂ ਯਾਨਿ ਇੰਡੀਆ ਟੂਰ ਦਾ ਐਲਾਨ ਵੀ ਕਰ ਦਿੱਤਾ ਹੈ। ਉਹ ਅਕਤੂਬਰ `ਚ ਆਪਣਾ ਪਹਿਲਾ ਸ਼ੋਅ ਇੰਡੀਆ `ਚ ਕਰ ਸਕਦੇ ਹਨ। ਦਿਲਜੀਤ ਦੋਸਾਂਝ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾ ਕੰਸਰਟ ਮੁੰਬਈ ਵਿਖੇ ਹੋ ਸਕਦਾ ਹੈ। 2 ਦਿਨ ਪਹਿਲਾਂ ਦਿਲਜੀਤ ਨੇ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ ਸੀ।




ਦਿਲਜੀਤ ਦੋਸਾਂਝ ਨੇ ਫ਼ਰਵਰੀ ਮਹੀਨੇ `ਚ ਵਰਲਡ ਟੂਰ ਦਾ ਐਲਾਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਹ ਇੰਡੀਆ ਟੂਰ ਕਰਨਗੇ। ਇਸ ਦੇ ਜਵਾਬ `ਚ ਦੋਸਾਂਝ ਨੇ ਕਿਹਾ ਸੀ ਕਿ ਉਹ ਜ਼ਰੂਰ ਇੰਡੀਆ ਟੂਰ ਕਰਨਗੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੱਸਿਆ ਸੀ ਕਿ ਉਹ ਮੁੰਬਈ, ਦਿੱਲੀ, ਪੰਜਾਬ ਤੇ ਰਾਜਸਥਾਨ `ਚ ਮਿਊਜ਼ਿਕ ਕੰਸਰਟ ਕਰ ਸਕਦੇ ਹਨ। ਤੇ ਹੁਣ ਦਿਲਜੀਤ ਨੇ ਆਖਰਕਾਰ ਆਪਣੇ ਇੰਡੀਆ ਟੂਰ ਦਾ ਐਲਾਨ ਕਰ ਦਿਤਾ ਹੈ। ਜਿਸ ਤੋਂ ਬਾਅਦ ਫ਼ੈਨਜ਼ ਕਾਫ਼ੀ ਐਕਸਾਈਟਿਡ ਨਜ਼ਰ ਆ ਰਹੇ ਹਨ।


ਕਾਬਿਲੇਗ਼ੌਰ ਹੈ ਕਿ ਦਿਲਜੀਤ ਨੇ ਆਪਣੇ ਹੁਣ ਤੱਕ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਦੋਸਾਂਝ ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ `ਜਿੰਨੇ ਮੇਰਾ ਦਿਲ ਲੁੱਟਿਆ` ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਦਿਲਜੀਤ `ਜੱਟ ਐਂਡ ਜੂਲੀਅਟ` ਫ਼ਿਲਮ `ਚ ਨੀਰੂ ਬਾਜਵਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਫ਼ਿਲਮ ਨੇ ਦਿਲਜੀਤ ਦੇ ਐਕਟਿੰਗ ਕਰੀਅਰ ਨੂੰ ਨਵਾਂ ਮੋੜ ਦਿੱਤਾ ਸੀ।   


ਇਸ ਦੇ ਨਾਲ ਨਾਲ ਦਿਲਜੀਤ ਨੇ ਬਾਲੀਵੁੱਡ `ਚ ਵੀ ਕਈ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਦੀ ਹਿੰਦੀ ਫ਼ਿਲਮ `ਜੋਗੀ` 16 ਸਤੰਬਰ ਨੂੰ ਨੈੱਟਫ਼ਲਿਕਸ ਤੇ ਰਿਲੀਜ਼ ਹੋਣ ਜਾ ਰਹੀ ਹੈ।