ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਪਿੱਛੇ ਜਿਹੇ ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾਂ ਦੀ ਬਾਲੀਵੁੱਡ ਅਦਾਕਾਰਾ ਕੰਗਨਾ ਰਾਨੌਤ ਨਾਲ ਸੋਸ਼ਲ ਮੀਡੀਆ ਉੱਤੇ ਜੰਗ ਵੀ ਛਿੜ ਗਈ ਸੀ। ਤਦ ਦਿਲਜੀਤ ਨੇ ਕੰਗਨਾ ਨੂੰ ਕਾਫ਼ੀ ਖਰੀਆਂ-ਖਰੀਆਂ ਸੁਣਾਈਆਂ ਸਨ। ਟਵਿਟਰ ਉੱਤੇ ਤਦ ਦਿਲਜੀਤ ਟ੍ਰੈੱਡ ਹੋਣ ਲੱਗੇ ਸਨ ਤੇ ਕਈ ਲੋਕ ਕੰਗਨਾ ਨੂੰ ਟ੍ਰੋਲ ਕਰਨ ਲੱਗ ਪਏ ਸਨ।


ਦੱਸ ਦੇਈਏ ਕਿ ਦਿਲਜੀਤ ਨੇ ਇੱਕ ਫਿਰ ਉਨ੍ਹਾਂ ਟ੍ਰੋਲਰਜ਼ ਨੂੰ ਝਾੜ ਪਾਈ ਹੈ, ਜਿਹੜੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਗ਼ਲਤ ਗੱਲਾਂ ਫੈਲਾ ਰਹੇ ਹਨ। ਦਰਅਸਲ, ਪਿੱਛੇ ਜਿਹੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਵਾਇਰਲ ਹੋਈ ਸੀ; ਜਿਸ ਵਿੱਚ ਦਿੱਲੀ ਦੇ ਬਾਰਡਰ ’ਤੇ ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਪ੍ਰਦਰਸ਼ਨਕਾਰੀਆਂ ’ਚ ਪੀਜ਼ਾ ਵੰਡਦੇ ਵਿਖਾਇਆ ਗਿਆ ਸੀ। ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਸੁਆਲ ਕੀਤੇ ਸਨ ਕਿ ਇਹ ਲੋਕ ਅੰਦੋਲਨ ਕਰਨ ਲਈ ਆਏ ਹਨ ਜਾਂ ਪਿਕਨਿਕ ਮਨਾਉਣ।

ਅਜਿਹੇ ਲੋਕਾਂ ਨੂੰ ਹੀ ਝਾੜ ਪਾਉਂਦਿਆਂ ਦਿਲਜੀਤ ਨੇ ਲਿਖਿਆ ਹੈ ਕਿ ‘ਜਦੋਂ ਕਿਸਾਨ ਜ਼ਹਿਰ ਖਾ ਰਿਹਾ ਸੀ, ਤਦ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਤੇ ਜਦੋਂ ਕਿਸਾਨ ਪੀਜ਼ਾ ਖਾ ਰਿਹਾ ਹੈ, ਤਾਂ ਉਹ ਨਿਊਜ਼ ਬਣ ਗਈ।’



Farmers Hunger Strike Photos: ਦੇਸ਼ ਭਰ 'ਚ ਭੁੱਖ ਹੜਤਾਲ 'ਤੇ ਬੈਠੇ ਕਿਸਾਨ, ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਆਈਆਂ ਸਾਹਮਣੇ

ਦਿਲਜੀਤ ਦਾ ਇਹ ਟਵੀਟ ਤੁਰੰਤ ਵਾਇਰਲ ਹੋ ਗਿਆ। ਲੋਕ ਕਿਸਾਨਾਂ ਨੂੰ ਟ੍ਰੋਲ ਕਰਨ ਵਾਲਿਆਂ ਵਿਰੁੱਧ ਰੱਜ ਕੇ ਭੜਾਸ ਕੱਢ ਰਹੇ ਹਨ।



ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਅੰਨਦਾਤਾ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸ ਦੌਰਾਨ ਕਈ ਵਾਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਵੀ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ