ਮੁੰਬਈ: ਅਕਸ਼ੇ ਕੁਮਾਰ ਪਿਛਲੇ ਕੁਝ ਸਾਲਾਂ ਤੋਂ ਬਾਕਸਆਫਿਸ ’ਤੇ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ। ਇਸ ਸਾਲ ਆਜ਼ਾਦੀ ਦਿਹਾੜੇ ‘ਤੇ ਅਕਸ਼ੇ ਕੁਮਾਰ ਤੇ ਮੌਨੀ ਰਾਏ ਦੀ ਫ਼ਿਲਮ ‘ਗੋਲਡ’ ਰਿਲੀਜ਼ ਹੋਈ, ਜਿਸ ਨੇ 12 ਦਿਨਾਂ ਵਿੱਚ 99 ਕਰੋੜ ਦੀ ਕਮਾਈ ਕਰ ਲਈ। ਇਸ ਗੱਲ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਪੋਸਟ ਪਾ ਕੇ ਦਿੱਤੀ।




ਫ਼ਿਲਮ 13ਵੇਂ ਦਿਨ ਕਮਾਈ ਕਰਕੇ 100 ਕਰੋੜੀ ਕਲੱਬ ‘ਚ ਐਂਟਰੀ ਕਰਨ ਵਾਲੀ ਸਾਲ ਦੀ 8ਵੀਂ ਫ਼ਿਲਮ ਬਣ ਜਾਵੇਗੀ। ਅਕਸ਼ੇ ਨੂੰ ਹਿੱਟ ਫ਼ਿਲਮਾਂ ਦੀ ਮਸ਼ੀਨ ਕਿਹਾ ਜਾਂਦਾ ਸੀ ਪਰ ਹੁਣ ਅੱਕੀ ਨੂੰ ਸਾਲ ‘ਚ 4 ਬਲਾਕਬਸਟਰ ਫ਼ਿਲਮਾਂ ਕਰਨ ਵਾਲਾ ਕਿਹਾ ਜਾਂਦਾ ਹੈ।



ਅਕਸ਼ੇ ਦੀ ਫ਼ਿਲਮ ਬੇਸ਼ੱਕ 13ਵੇਂ ਦਿਨ 100 ਕਰੋੜ ਕਲੱਬ ‘ਚ ਸ਼ਾਮਲ ਹੋਈ ਪਰ ਅੱਕੀ ਦੀ ਇਹ ਫ਼ਿਲਮ 12ਵੇਂ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ। ਫ਼ਿਲਮ ਨੇ ਇਹ ਰਿਕਾਰਡ ਅਕਸ਼ੇ ਦੀਆਂ ਹੀ ‘ਪੈਡਮੈਨ’, ‘ਸਿੰਘ ਇਜ਼ ਬਲਿੰਗ’ ਤੇ ‘ਬੇਬੀ’ ਜਿਹੀਆਂ ਫ਼ਿਲਮਾਂ ਨੂੰ ਪਛਾੜ ਕੇ ਜਿੱਤਿਆ ਹੈ। ਇਸ ਦੇ ਨਾਲ ਹੀ ਤਰਨ ਨੇ ਸਾਲ ਦੀਆਂ ਉਨ੍ਹਾਂ 8 ਫ਼ਿਲਮਾਂ ਦੀ ਵੀ ਇੱਕ ਪੋਸਟ ਟਵਿਟਰ ‘ਤੇ ਸ਼ੇਅਰ ਕੀਤੀ ਹੈ ਜੋ ਇਸ ਸਾਲ 100 ਕਰੋੜ ਦੀ ਕਮਾਈ ਕਰ ਚੁੱਕੀਆਂ ਹਨ।



‘ਗੋਲਡ’ ਦਾ ਬਜਟ 85 ਕਰੋੜ ਸੀ। ਅਕਸ਼ੇ ਦੀ ਇਹ ਫ਼ਿਲਮ ਵੀ ਬਾਕਸਆਫਿਸ ‘ਤੇ ਹਿੱਟ ਸਾਬਤ ਹੋਈ ਹੈ। ਇਸ ਦੇ ਨਾਲ ਹੀ ਟੀਵੀ ਤੋਂ ਫ਼ਿਲਮਾਂ ‘ਚ ਡੈਬਿਊ ਕਰਨ ਵਾਲੀ ਮੌਨੀ ਰਾਏ ਲਈ ਵੀ ਇਹ ਕਿਸੇ ਐਵਾਰਡ ਤੋਂ ਘੱਟ ਨਹੀਂ ਕਿ ਉਸ ਦੀ ਪਹਿਲੀ ਹੀ ਫ਼ਿਲਮ ਹਿੱਟ ਹੋ ਗਈ ਹੈ ਤੇ 100 ਕਰੋੜੀ ਬਣ ਗਈ ਹੈ।



ਇਸ ਦੇ ਨਾਲ ਹੀ ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ਵੀ ਬਾਕਸਆਫਿਸ ‘ਤੇ ਰਿਲੀਜ਼ ਹੋਈ ਸੀ। ਦੋਵਾਂ ਫ਼ਿਲਮਾਂ ‘ਚ ਬਾਕਸਆਫਿਸ ‘ਤੇ ਇੱਕ-ਦੂਜੇ ਨੂੰ ਚੰਗੀ ਟੱਕਰ ਦਿੱਤੀ ਹੈ। ਜੌਨ ਦੀ ਫ਼ਿਲਮ ਨੇ ਵੀ ਹੁਣ ਤਕ 85 ਕਰੋੜ ਦੇ ਕਰੀਬ ਦੀ ਕਮਾਈ ਕਰ ਲਈ ਹੈ।