ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਨੂੰ ਉਹ ਵੇਲਾ ਵੀ ਯਾਦ ਹੈ ਜਦੋਂ ਘਰ ਵਿੱਚ ਭੈਣ ਦਾ ਵਿਆਹ ਸੀ ਤੇ ਜੇਬ ਵਿੱਚ ਧੇਲਾ ਵੀ ਨਹੀਂ ਸੀ। ਕਪਿਲ ਨੇ ਆਪਣੇ ਸ਼ੁਰੂਆਤੀ ਦਿਨ ਯਾਦ ਕਰਦਿਆਂ ਕਿਹਾ, "ਸਾਲ 2007 ‘ਚ ਉਸ ਸਮੇਂ ਮੇਰੇ ਕੋਲ ਬਿਲਕੁਲ ਪੈਸੇ ਨਹੀਂ ਸੀ ਤੇ ਮੇਰੀ ਭੈਣ ਦਾ ਵਿਆਹ ਜਨਵਰੀ ‘ਚ ਹੋਣਾ ਸੀ। ਮੈਂ ਕਾਫੀ ਪ੍ਰੇਸ਼ਾਨ ਸੀ ਤੇ ਪੈਸਿਆਂ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਨੂੰ ‘ਦ ਗ੍ਰੇਟ ਇੰਡੀਅਨ ਲਾਫਟਰ’ ਸ਼ੋਅ ਤੋਂ 10 ਲੱਖ ਦਾ ਚੈੱਕ ਮਿਲਿਆ ਜਿਸ ਦੀ ਉਮੀਦ ਤਾਂ ਨਹੀਂ ਸੀ ਪਰ ਇਸ ਤੋਂ ਬਾਅਦ ਵਿਆਹ ਕਾਫੀ ਸ਼ਾਨ ਨਾਲ ਕੀਤਾ ਸੀ।" ਇਸ ਪਲ ਨੂੰ ਯਾਦ ਕਰ ਕਪਿਲ ਆਪਣੀ ਭੈਣ ਦੇ ਗੱਲ ਲੱਗ ਖੂਬ ਰੋਇਆ ਸੀ।



ਦਰਅਸਲ ਕਪਿਲ ਸ਼ਰਮਾ ਜਲਦੀ ਹੀ ਆਪਣਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦਾ ਅਗਲਾ ਸੀਜ਼ਨ ਲੈ ਕੇ ਆ ਰਿਹਾ ਹੈ। ਇਸ ਲਈ ਕਪਿਲ ਆਪਣੇ ਸ਼ੋਅ ਨੂੰ ਹਰ ਪਲੇਟਫਾਰਮ ‘ਤੇ ਖੂਬ ਪ੍ਰਮੋਟ ਵੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਕਪਿਲ ਨੇ ਆਪਣਾ ਸ਼ੋਅ ‘ਕੇਬੀਸੀ’ ‘ਤੇ ਅਮਿਤਾਭ ਬੱਚਨ ਨਾਲ ਪਰਮੋਟ ਕੀਤਾ। ਹੁਣ ਉਹ ਸੋਨੀ ਦੇ ਸਿੰਗਿੰਗ ਰਿਐਲਟੀ ਸ਼ੋਅ ‘ਇੰਡੀਅਨ ਆਈਡਲ-10’ ਦੇ ਸੈੱਟ ‘ਤੇ ਵੀ ਆਇਆ।

ਕਪਿਲ ਇਸ ਸ਼ੋਅ ਦੇ ਸੈੱਟ ‘ਤੇ ਪ੍ਰਤੀਭਾਗੀਆਂ ਦੇ ਗਾਣੇ ਸੁਣ ਕੇ ਇਮੋਸ਼ਨਲ ਹੋ ਗਿਆ। ਜਿਸ ਪ੍ਰਫੋਰਮੈਂਸ ਨੇ ਕਪਿਲ ਨੂੰ ਆਪਣੀ ਭੈਣ ਪੂਜਾ ਦੀ ਯਾਦ ਦੁਆਈ, ਉਹ ਗਾਣਾ ‘ਚਿੜੀਆ ਦਾ ਚੰਬਾ’ ਹੈ। ਇੱਥੇ ਕਪਿਲ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, "ਜਦੋਂ ਨਵੰਬਰ ‘ਚ ਉਨ੍ਹਾਂ ਨੂੰ ਪਹਿਲੀ ਕਮਾਈ ਦਾ ਚੈੱਕ ਮਿਲਿਆ ਸੀ ਤਾਂ ਦੋ ਮਹੀਨਿਆਂ ਬਾਅਦ ਜਨਵਰੀ ‘ਚ ਉਨ੍ਹਾਂ ਨੇ ਭੈਣ ਦਾ ਵਿਆਹ ਧੂਮਧਾਮ ਨਾਲ ਕੀਤਾ ਸੀ।"



ਕਪਿਲ ਨੇ ਕਿਹਾ ਕਿ ‘ਚਿੜੀਆ ਦਾ ਚੰਬਾ’ ਗਾਣਾ ਉਨ੍ਹਾਂ ਲਈ ਬੇਹੱਦ ਖਾਸ ਹੈ ਕਿਉਂਕਿ ਨੇਹਾ ਕੱਕੜ ਨੇ ਇਹ ਗਾਇਆ ਹੈ। ਨੇਹਾ ਮੇਰੀ ਛੋਟੀ ਭੈਣ ਦੀ ਤਰ੍ਹਾਂ ਹੈ। ਮੈਂ ਉਸ ਦੇ ਵਿਆਹ ‘ਚ ਇਹ ਗਾਣਾ ਜ਼ਰੂਰ ਗਾਵਾਂਗਾ।