Karan Aujla Ranjit Bawa Songs: ਕਰਨ ਔਜਲਾ ਤੇ ਰਣਜੀਤ ਬਾਵਾ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਦੋਵਾਂ ਦੇ ਗਾਣਿਆਂ ਨੂੰ ਪੰਜਾਬੀ ਪੂਰੀ ਦੁਨੀਆ 'ਚ ਪੂਰੇ ਉਤਸ਼ਾਹ ਤੇ ਪਿਆਰ ਨਾਲ ਸੁਣਦੇ ਹਨ। ਇੰਨੀਂ ਦਿਨੀਂ ਕਰਨ ਔਜਲਾ ਤੇ ਰਣਜੀਤ ਬਾਵਾ ਦੋਵੇਂ ਹੀ ਸੁਰਖੀਆਂ 'ਚ ਹਨ।
ਦਰਅਸਲ, ਕਰਨ ਔਜਲਾ ਤੇ ਰਣਜੀਤ ਬਾਵਾ ਦੋਵਾਂ ਦੇ ਹਾਲ ਹੀ 'ਚ ਨਵੇਂ ਗਾਣੇ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਪੰਜਾਬੀਆਂ ਵੱਲੋਂ ਹੀ ਨਹੀਂ, ਬਲਕਿ ਪੂਰੇ ਦੇਸ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰਨ ਔਜਲਾ ਦੇ ਗਾਣੇ 'ਐਡਮਾਇਰਿੰਗ ਯੂ' ਦੀ। ਇਹ ਗਾਣਾ 1 ਅਗਸਤ ਨੂੰ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਹਿਜ਼ 7 ਦਿਨਾਂ 'ਚ ਹੀ 20 ਮਿਲੀਅਨ ਯਾਨਿ 2 ਕਰੋੜ ਤੋਂ ਵੀ ਜ਼ਿਆਦਾ ਵਿਊਜ਼ (ਖਬਰ ਲਿਖੇ ਜਾਣ ਤੱਕ) ਮਿਲ ਚੁੱਕੇ।
ਕਰਨ ਔਜਲਾ ਦਾ ਇਹ ਗਾਣਾ ਪੂਰੀ ਤਰ੍ਹਾਂ ਸਾਇੰਸ ਫਿਕਸ਼ਨ ਥੀਮ 'ਤੇ ਹੈ। ਇਸ ਥੀਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਕਿਸੇ ਪੰਜਾਬੀ ਗਾਇਕ ਨੇ ਕਿਸੇ ਗਾਣੇ 'ਚ ਇਸ ਤਰ੍ਹਾਂ ਕਾਨਸੈਪਟ ਪਹਿਲੀ ਵਾਰ ਲਿਆਂਦਾ ਹੈ ਤੇ ਕਰਨ ਦੀ ਇਹ ਕੋਸ਼ਿਸ਼ ਕਾਮਯਾਬ ਵੀ ਹੋਈ ਹੈ ਅਤੇ ਗੀਤ ਨੂੰ 20 ਮਿਲੀਅਨ ਲੋਕ ਦੇਖ ਚੁੱਕੇ ਹਨ ਅਤੇ ਖੂਬ ਪਿਆਰ ਦੇ ਰਹੇ ਹਨ। ਦੇਖੋ ਇਹ ਗਾਣਾ:
ਦੂਜੇ ਪਾਸੇ, ਰਣਜੀਤ ਬਾਵਾ ਨੂੰ ਉਸ ਦੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਬਾਵਾ ਦਾ ਹਾਲ ਹੀ 'ਚ ਗਾਣਾ 'ਪੰਜਾਬ ਵਰਗੀ' ਰਿਲੀਜ਼ ਹੋਇਆ ਹੈ। ਇਹ ਗਾਣਾ ਅੱਜ ਤੱਕ ਦੇ ਸਾਰੇ ਪੰਜਾਬੀ ਗਾਣਿਆਂ ਤੋਂ ਬਿਲਕੁਲ ਵੱਖਰਾ ਹੈ। ਅੱਜ ਤੱਕ ਕਿਸੇ ਗੀਤਕਾਰ ਨੇ ਔਰਤ ਦੀ ਤਾਰੀਫ 'ਚ ਅਜਿਹਾ ਗਾਣਾ ਨਹੀਂ ਲਿਿਖਿਆ। ਚਰਨ ਲਿਖਾਰੀ ਦੀ ਕਲਮ ਦਾ ਜਾਦੂ ਲੋਕਾਂ 'ਤੇ ਚੱਲ ਗਿਆ ਹੈ। ਇਸ ਦੇ ਨਾਲ ਨਾਲ ਰਣਜੀਤ ਬਾਵਾ ਦੀ ਆਵਾਜ਼ ਨੇ ਵੀ ਗਾਣੇ ਨੂੰ ਜ਼ਬਰਦਸਤ ਹਿੱਟ ਬਣਾ ਦਿੱਤਾ ਹੈ। ਇਹ ਗਾਣਾ 4 ਅਗਸਤ ਨੂੰ ਰਿਲੀਜ਼ ਹੋਇਆ ਸੀ। 4 ਦਿਨਾਂ ਵਿੱਚ ਹੀ ਇਸ ਗਾਣੇ 2.3 ਮਿਲੀਅਨ ਯਾਨਿ 23 ਲੱਖ ਲੋਕ ਦੇਖ ਚੁੱਕੇ ਹਨ। ਇਸ ਗਾਣੇ 'ਤੇ ਕਮੈਂਟ ਕਰ ਲੋਕ ਖੂਬ ਤਾਰੀਫ ਕਰ ਰਹੇ ਹਨ। ਖਾਸ ਕਰਕੇ ਔਰਤਾਂ ਵਿੱਚ ਇਹ ਗਾਣਾ ਖਾਸਾ ਪ੍ਰਸਿੱਧ ਹੋ ਰਿਹਾ ਹੈ। ਦੇਖੋ ਇਹ ਗਾਣਾ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਪਹਿਲਾ ਗੀਤ 'ਐਡਮਾਇਰਿੰਗ ਯੂ' ਰਿਲੀਜ਼ ਹੋ ਚੁੱਕਿਆ ਹੈ। ਦੂਜੇ ਪਾਸੇ ਰਣਜੀਤ ਬਾਵਾ ਦੇ ਗਾਣੇ 'ਮਿੱਟੀ ਦਾ ਬਾਵਾ 2', 'ਨੀ ਮਿੱਟੀਏ' ਤੇ 'ਪੰਜਾਬ ਵਰਗੀ' ਹਾਲ ਹੀ 'ਚ ਰਿਲੀਜ਼ ਹੋਏ ਹਨ।