ਇੱਕ ਭਾਰਤੀ ਕਲਾਕਾਰ ਨੇ ਵੈਬ ਸੀਰੀਜ਼ 'Money Heist'ਦੇ ਪ੍ਰਸਿੱਧ ਇਨਕਲਾਬੀ ਗੀਤ, 'Bella Ciao' ਦਾ ਇੱਕ ਪੰਜਾਬੀ ਵਰਜਨ ਪੇਸ਼ ਕੀਤਾ ਹੈ। ਇਸ ਗੀਤ ਨੂੰ ਕਿਸਾਨ ਦੇ ਸਮਰਥਨ ਦੇ ਲਈ ਪੇਸ਼ ਕੀਤਾ ਗਿਆ ਹੈ। ਭਾਰਤ ਦੇ ਕਿਸਾਨ ਪਿੱਛਲੇ 25 ਦਿਨਾਂ ਤੋਂ ਕੇਂਦਰ ਵਲੋਂ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀ ਹੱਦਾਂ ਤੇ ਡਟੇ ਹੋਏ ਹਨ।


ਵੀਡੀਓ ਵਿੱਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਈ ਦ੍ਰਿਸ਼ ਤੇ ਟਿਪਣੀਆਂ ਪੇਸ਼ ਕੀਤੀਆਂ ਗਈਆਂ ਹਨ। ਇਹ ਤਸਵੀਰਾਂ ਉਜਾਗਰ ਕਰਦੀਆਂ ਹਨ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਤਾਂ ਉਹ ਵੀ ਹਾਰ ਦਾ ਇਰਾਦਾ ਨਹੀਂ ਰੱਖਦੇ। ਇਹ ਗੀਤ 24 ਘੰਟੇ 'ਚ ਹੀ ਬਹੁਤ ਜ਼ਿਆਦਾ ਵਾਇਰਲ ਹੋ ਗਿਆ, ਇਸ ਨੂੰ 30k ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਲੋਕ ਵੀ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ।



ਦੱਸ ਦੇਈਏ ਕਿ ਕਿਸਾਨ ਪਿਛਲੇ ਮਹੀਨੇ 26-27 ਤਰੀਕ ਨੂੰ ਕੂਚ ਕਰਕੇ ਦਿੱਲੀ ਤੱਕ ਪਹੁੰਚੇ ਸੀ। ਰਸਤੇ ਵਿੱਚ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਅੱਗੇ ਵੱਧ ਗਏ ਅਤੇ ਦਿੱਲੀ ਦੀ ਬਰੂਹਾਂ ਤੇ ਜਾ ਕੇ ਬੈਠ ਗਏ। ਅੱਜ ਕਿਸਾਨਾਂ ਦਾ ਇਹ ਅੰਦੋਲਨ 25ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਦੀ ਮੰਗ ਹੈ ਕੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ।ਉਧਰ ਸਰਕਾਰ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਹੈ।ਪਿਛਲੇ ਕਈ ਦਿਨਾਂ ਤੋਂ ਕੇਂਦਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਵੀ ਰੁਕਿਆ ਹੋਇਆ ਹੈ।