ਚੰਡੀਗੜ੍ਹ: ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਦੂਜੇ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਂ ਉੱਭਰ ਰਿਹਾ ਹੈ। ਗੈਂਗਸਟਰ ਦਵਿੰਦਰ ਬੰਬੀਹਾ ਤੇ ਵਿੱਕੀ ਗੌਂਡਰ ਗਰੁੱਪ ਨੇ ਔਲਖ ਦਾ ਨਾਂ ਲਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਾਇਕ ਮਨਕੀਰਤ ਔਲਖ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਇਹ ਕਤਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। ਪੁਲਿਸ ਇਸ ਮਾਮਲੇ ਵਿੱਚ ਗਾਇਕ ਮਨਕੀਰਤ ਔਲਖ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਮਾਮਲੇ ਵਿੱਚ ਅਜੇ ਤੱਕ ਔਲਖ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਤੇ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਮਾਰ ਕੇ ਗਲਤ ਕੰਮ ਕੀਤਾ ਹੈ। ਇਸ ਕਤਲ ਵਿੱਚ ਗਾਇਕ ਮਨਕੀਰਤ ਔਲਖ ਦਾ ਪੂਰਾ ਹੱਥ ਹੈ। ਉਹ ਸਾਰੇ ਗਾਇਕਾਂ ਤੋਂ ਪੈਸੇ ਇਕੱਠੇ ਕਰਦਾ ਹੈ। ਉਹ ਨਿੱਜੀ ਜਾਣਕਾਰੀ ਲਾਰੈਂਸ ਨੂੰ ਦਿੰਦਾ ਹੈ। ਮਨਕੀਰਤ ਔਲਖ ਨੂੰ ਸੁਰੱਖਿਆ ਦਿੱਤੀ ਗਈ ਹੈ। ਬਿਨਾਂ ਗੱਲ ਕੀਤਿਆਂ ਮੂਸੇਵਾਲਾ ਦੀ ਸੁਰੱਖਿਆ ਖੋਹ ਲਈ ਗਈ ਤੇ ਰੌਲਾ ਪਾਇਆ ਗਿਆ। ਮੂਸੇਵਾਲਾ ਦਾ ਕਿਸੇ ਗੈਂਗਸਟਰ ਨਾਲ ਕੋਈ ਸੰਪਰਕ ਨਹੀਂ ਸੀ।
ਵਿੱਕੀ ਗੌਂਡਰ ਗਰੁੱਪ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੈਸਿਆਂ ਲਈ ਕੀਤਾ ਗਿਆ ਸੀ। ਇਸ ਪਿੱਛੇ ਗਾਇਕ ਮਨਕੀਰਤ ਔਲਖ ਦਾ ਹੱਥ ਹੈ। ਮਨਕੀਰਤ ਔਲਖਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਨਾਲ ਗਾਇਕਾਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਦਾ ਸੀ। ਮਨਕੀਰਤ ਔਲਖ ਦੀ ਸੁਰੱਖਿਆ ਕਿਉਂ ਨਹੀਂ ਵਾਪਸ ਲਈ ਗਈ?
ਹੁਣ ਇੱਕ ਹੋਰ ਸੋਸ਼ਲ ਮੀਡੀਆ ਉਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਿੰਮੇਵਾਰ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਹ ਧਮਕੀ ਗੌਂਡਰ ਐਂਡ ਬ੍ਰਦਰਜ਼ ਨਾਂ ਦੇ ਫੇਸਬੁੱਕ ਪੇਜ਼ ਉੱਤੇ ਦਿੱਤੀ ਗਈ ਹੈ।