Diljit Dosanjh Ludhiana Show Update: ਮਸ਼ਹੂਰ ਗਲੋਬਲ ਸਟਾਰ ਦਿਲਜੀਤ ਦੋਸਾਂਝ ਆਪਣੇ ਦਿਲ-ਲੁਮਿਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਪੰਜਾਬੀ ਗਾਇਕ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਸ਼ੋਅ ਦਾ ਆਯੋਜਨ ਕਰ ਰਿਹਾ ਹੈ ਅਤੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੋਸਾਂਝਾਵਾਲੇ ਦੇ ਸ਼ੋਅ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਦਾ ਲੁਧਿਆਣਾ ‘ਚ 31 ਦਸੰਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ। ਇਸਦੇ ਲਈ ਪ੍ਰਸ਼ਾਸਨ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ 2000 ਦੇ ਕਰੀਬ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ। ਕੁੱਲ 18 ਅਜਿਹੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰਨਗੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿੱਚ ਹੋਣ ਵਾਲੇ ਸਮਾਗਮ ਵਿੱਚ ਲੋਕਾਂ ਨੂੰ ਲਿਜਾਣ ਲਈ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
ਕੁਝ ਅਦਾਰਿਆਂ ਦੇ ਕਰਮਚਾਰੀ ਪਾਰਕਿੰਗ ਤੋਂ ਨਿਰਾਸ਼
ਇਸ ਦੌਰਾਨ ਕੁਝ ਅਦਾਰਿਆਂ ਦੇ ਕਰਮਚਾਰੀ ਅਤੇ ਪ੍ਰਬੰਧਕ ਇਸ ਪਾਰਕਿੰਗ ਤੋਂ ਨਿਰਾਸ਼ ਹਨ। ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਨੂੰ ਪਾਰਕਿੰਗ ਅਤੇ ਸੰਸਥਾਵਾਂ ਦੀ ਸੁਰੱਖਿਆ ਲਈ ਆਪਣੇ ਸਟਾਫ ਨੂੰ ਆਪਣੇ ਕੰਪਲੈਕਸ ਦੇ ਅੰਦਰ ਤੈਨਾਤ ਕਰਨਾ ਹੋਵੇਗਾ। ਇਹ ਇੱਕ ਵਪਾਰਕ ਸ਼ੋਅ ਹੈ ਅਤੇ ਪਾਰਕਿੰਗ ਸਮੇਤ ਸਾਰੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੈ।
ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਕਿੰਗ ਦੇ ਪ੍ਰਬੰਧਾਂ ਸਬੰਧੀ ਕੀਤੇ ਗਏ ਸੰਚਾਰ ਅਨੁਸਾਰ ਕੇ.ਵੀ.ਐਮ ਸਕੂਲ ਸਿਵਲ ਲਾਈਨ, ਬੀ.ਵੀ.ਐਮ ਸਕੂਲ ਕਿਚਲੂ ਨਗਰ, ਐਸ.ਸੀ.ਡੀ. ਸਰਕਾਰੀ ਕਾਲਜ, ਸਰਕਾਰੀ ਕਾਲਜ ਫ਼ਾਰ ਗਰਲਜ਼ ਭਾਰਤ ਨਗਰ ਚੌਕ, ਸਤਿਗੁਰੂ ਰਾਮ ਸਿੰਘ ਪੋਲੀਟੈਕਨਿਕ ਕਾਲਜ ਰਿਸ਼ੀ ਨਗਰ ਵਿਖੇ ਲੋਕ ਆਪਣੇ ਵਾਹਨ ਪਾਰਕ ਕਰ ਸਕਦੇ ਹਨ।
ਪਾਰਕਿੰਗ ਲਈ ਕੀਤੇ ਗਏ ਖਾਸ ਪ੍ਰਬੰਧ
ਇਸੇ ਤਰ੍ਹਾਂ ਖਾਲਸਾ ਕਾਲਜ ਫਾਰ ਵੂਮੈਨ ਘੁਮਾਰ ਮੰਡੀ, ਖਾਲਸਾ ਕਾਲਜ ਫਾਰ ਬੁਆਏ ਘੁਮਾਰ ਮੰਡੀ, ਬੀਵੀਐਮ ਸਕੂਲ ਊਧਮ ਸਿੰਘ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਏਯੂ, ਡੀਏਵੀ ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਸੁਖਦੇਵ। ਥਾਪਰ ਸਰਕਾਰੀ ਸਕੂਲ ਕੋਛੜ ਮੰਡੀ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਸੈਕਰਡ ਹਾਰਟ ਸਕੂਲ ਸਰਾਭਾ ਨਗਰ ਅਤੇ ਸੈਕਰਡ ਹਾਰਟ ਸਕੂਲ ਅਗਰ ਨਗਰ ਸ਼ਾਮਲ ਹਨ। ਪ੍ਰਿੰਸੀਪਲ ਅਤੇ ਪ੍ਰਬੰਧਕਾਂ ਨੇ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ।
ਇਸ ਤੋਂ ਇਲਾਵਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲਟੀ ਸਟੋਰੀ ਪਾਰਕਿੰਗ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਦੀ ਪਾਰਕਿੰਗ ਅਤੇ ਗੁਰੂ ਨਾਨਕ ਦੇਵ ਭਵਨ ਵਿਖੇ ਵਾਹਨਾਂ ਦੀ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੀਡੀਆ ਨੂੰ ਦੱਸਿਆ ਕਿ ਸਮਾਰੋਹ ਦਾ ਆਨੰਦ ਮਾਣਨ ਲਈ ਲੋਕਾਂ ਦੀ ਭਾਰੀ ਭੀੜ ਆਉਣ ਦੀ ਉਮੀਦ ਹੈ।
ਸ਼ਹਿਰ ਵਿੱਚ ਟ੍ਰੈਫਿਕ ਪ੍ਰਵਾਹ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਸਰਦੀਆਂ ਦੀਆਂ ਛੁੱਟੀਆਂ ਕਾਰਨ ਵਿੱਦਿਅਕ ਅਦਾਰੇ ਬੰਦ ਹਨ, ਇਸ ਲਈ ਉਹ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗ ਸਥਾਨਾਂ ਦੀ ਵਰਤੋਂ ਕਰ ਰਹੇ ਹਨ।