Bhupinder Babbal Song: ਪੰਜਾਬੀ ਲੋਕ ਗੀਤਾਂ ਦੀ ਜਾਨ ਭੁਪਿੰਦਰ ਬੱਬਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾਂ ਉਨ੍ਹਾਂ ਦਾ ਰਣਬੀਰ ਕਪੂਰ ਦੀ ਬਾਲੀਵੁੱਡ ਫਿਲਮ 'ਐਨੀਮਲ' ਦੇ ਪ੍ਰੀ ਟੀਜ਼ਰ 'ਚ ਗਾਇਆ ਗੀਤ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਪੰਜਾਬੀ ਲੋਕ ਗਾਇਕ ਭੁਪਿੰਦਰ ਬੱਬਲ ਆਪਣੀ ਜ਼ਬਰਦਸਤ ਗਾਇਕੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਵੀ ਭੁਪਿੰਦਰ ਬੱਬਲ ਦੀ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਗਏ ਹਨ।




ਦਰਅਸਲ, ਦਿਲਜੀਤ ਦੋਸਾਂਝ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਭੁਪਿੰਦਰ ਬੱਬਲ ਦੀ ਤਾਰੀਫ ਕੀਤੀ ਗਈ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਅਰਜਣ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ... ਸਵਾਦ ਲਿਆ ਤਾ... ਇਸਦੇ ਨਾਲ ਹੀ ਉਨ੍ਹਾਂ ਭੁਪਿੰਦਰ ਬੱਬਲ ਨੂੰ ਟੈਗ ਕਰਦੇ ਹੋਏ ਲਿਖਿਆ, ਫਾਈਰ ਵੋਕਲ ਭੁਪਿੰਦਰ ਬੱਬਲ ਪਾਜ਼ੀ...



ਕਾਬਿਲੇਗੌਰ ਹੈ ਕਿ ਕੁਰਾਲੀ, ਪੰਜਾਬ ਦੇ ਰਹਿਣ ਵਾਲੇ, ਭੁਪਿੰਦਰ ਬੱਬਲ ਨੇ ਆਪਣੇ ਸੰਗੀਤ ਸਫ਼ਰ ਦੀ ਸ਼ੁਰੂਆਤ ਕਾਲਜ ਵਿੱਚ ਕੀਤੀ। ਉਦੋਂ ਤੋਂ ਹੀ ਉਹ ਪੰਜਾਬ ਦੇ ਸੱਭਿਆਚਾਰ ਨੂੰ ਆਪਣੀਆਂ ਰੂਹਾਨੀ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 'ਐਨੀਮਲ' ਵਿੱਚ ਉਸਦੇ ਯੋਗਦਾਨ ਨੇ ਪਹਿਲਾਂ ਹੀ ਇੱਕ ਮਹੱਤਵਪੂਰਨ ਚਰਚਾ ਪੈਦਾ ਕੀਤੀ ਹੈ, ਫਿਲਮ ਲਈ ਉਮੀਦਾਂ ਨੂੰ ਉੱਚਾ ਕੀਤਾ ਹੈ। ਫਿਲਮ ਦੇ ਪ੍ਰੀ ਟੀਜ਼ਰ ਵਿੱਚ ਰਣਵੀਰ ਕਪੂਰ ਦੀ ਲੁੱਕ ਹੀ ਨਹੀਂ ਸਗੋਂ ਭੁਪਿੰਦਰ ਬੱਬਲ ਦਾ ਗੀਤ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਅਤੇ ਵਾਹੋ ਵਾਹੀ ਬਟੋਰ ਰਿਹਾ ਹੈ। 


ਫਿਲਮ 'ਐਨੀਮਲ' ਕਦੋਂ ਹੋਵੇਗੀ ਰਿਲੀਜ਼...


ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ, ਭੂਸ਼ਣ ਕੁਮਾਰ ਦੁਆਰਾ ਨਿਰਮਿਤ ਫਿਲਮ 'Animal' ਇੱਕ ਸ਼ਾਨਦਾਰ ਕਹਾਣੀ ਹੈ, ਜਿਸ ਵਿੱਚ ਰਣਬੀਰ ਕਪੂਰ ਦੇ ਨਾਲ ਅਨਿਲ ਕਪੂਰ, ਰਸ਼ਮਿਕਾ ਮੰਡਨਾ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵਰਗੇ ਸਟਾਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫਿਲਮ ਦੁਨੀਆ ਭਰ ਵਿੱਚ 11 ਅਗਸਤ 2023 ਨੂੰ 5 ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।