Deep Dhillon on Spanish woman raped in Jharkhand: ਪੰਜਾਬੀ ਗਾਇਕ ਦੀਪ ਢਿੱਲੋਂ ਕੈਨੇਡਾ ਛੱਡ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਸ਼ਿਫਟ ਹੋ ਚੁੱਕੇ ਹਨ। ਦੱਸ ਦੇਈਏ ਕਿ ਕਲਾਕਾਰ ਖੁਦ ਨਾਲ ਜੁੜੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਹਰ ਕਿਸੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਆਖਿਰ ਇਸ ਪੋਸਟ ਵਿੱਚ ਅਜਿਹਾ ਕੀ ਹੈ, ਜਾਣਨ ਲਈ ਪੜ੍ਹੋ ਪੂਰਾ ਮਾਮਲਾ ...
ਦੀਪ ਢਿੱਲੋਂ ਬੋਲੇ- "ਦੇਸ਼ ਦੇ ਸਿਸਟਮ 'ਤੇ ਲੱਖ ਲਾਹਨਤ"
ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਸਪੈਨਿਸ਼ ਜੋੜੇ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਇਹ ਸਪੈਨਿਸ਼ ਜੋੜਾ ਘੁੰਮਣ ਆਇਆ ਸੀ ਹਿੰਦੂਸੈਤਾਨ ਵਿੱਚ ਝਾਰਖੰਡ ਵਿੱਚ ਇਸ ਬੀਬੀ ਨਾਲ 8 ਹਿੰਦੂਸਤਾਨੀ ਗੁੰਡਿਆਂ ਨੇ ਬਲਾਤਕਾਰ ਕੀਤਾ ਪਰ ਮੀਡੀਆ ਚੁੱਪ ਰਿਹਾ। ਲੀਡਰਾਂ ਦੇ ਮੂੰਹ ਵਿੱਚ ਕੋਹੜ ਚਲ ਗਿਆ... ਲੱਖ ਲਾਹਨਤ ਇਸ ਦੇਸ਼ ਦੇ ਗੰਦੇ ਸਿਸਟਮ ਤੇ... ਸ਼ੋਸ਼ਲ ਮੀਡੀਆ ਤੇ ਐਸੀ ਲਹਿਰ ਖੜੀ ਕਰ ਦਿਓ ਇਸ ਜੋੜੇ ਨੂੰ ਇਨਸਾਫ ਮਿਲ ਸਕੇ.. ਦੋਸ਼ੀਆਂ ਨੂੰ ਫਾਂਸੀ ਮਿਲ ਸਕੇ.. ਸ਼ੇਅਰ ਜਰੂਰ ਕਰ ਦਿਓ...
ਜਾਣੋ ਕੀ ਹੈ ਪੂਰਾ ਮਾਮਲਾ ?
ਦਰਅਸਲ, ਸਪੈਨਿਸ਼ ਜੋੜੇ ਨੇ 5 ਸਾਲ ਪਹਿਲਾਂ ਮੋਟਰਸਾਈਕਲ 'ਤੇ ਦੁਨੀਆ ਦੀ ਸੈਰ ਕਰਨ ਦੀ ਯੋਜਨਾ ਬਣਾਈ ਸੀ। ਲਗਭਗ 36 ਦੇਸ਼ਾਂ ਅਤੇ ਇੱਕ ਲੱਖ 70 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ, ਉਨ੍ਹਾਂ ਦੀ ਯਾਤਰਾ ਨੇ ਝਾਰਖੰਡ ਦੇ ਦੁਮਕਾ ਵਿੱਚ ਇੱਕ ਅਜਿਹਾ ਮੋੜ ਲਿਆ ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਜਾਣਕਾਰੀ ਮੁਤਾਬਕ ਔਰਤ ਨਾਲ 7 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ, ਜਿੱਥੇ ਉਹ ਰਾਤ ਨੂੰ ਆਪਣੇ ਸਾਥੀ ਨਾਲ ਇਕ ਅਸਥਾਈ ਟੈਂਟ 'ਚ ਰਹਿ ਰਹੀ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਦੁਮਕਾ 'ਚ ਵਾਪਰੀ।
ਇਹ ਜੋੜਾ ਬੰਗਲਾਦੇਸ਼ ਤੋਂ ਦੋ ਮੋਟਰਸਾਈਕਲਾਂ 'ਤੇ ਦੁਮਕਾ ਪਹੁੰਚਿਆ ਸੀ ਅਤੇ ਇੱਥੋਂ ਬਿਹਾਰ ਅਤੇ ਫਿਰ ਨੇਪਾਲ ਜਾ ਰਿਹਾ ਸੀ। ਹਾਲਾਂਕਿ, ਸ਼ੁੱਕਰਵਾਰ ਦੀ ਰਾਤ ਨੇ ਦੋਵਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਜਦੋਂ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਪੀੜਤ ਨੂੰ ਬੁਰੀ ਹਾਲਤ ਵਿੱਚ ਛੱਡ ਦਿੱਤਾ। ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।