Punjab News : ਪੰਜਾਬੀ ਗਾਇਕ ਮਨਕੀਰਤ ਔਲਖ਼

  (Mankirt Aulakh) ਦੀ ਕੁਝ ਅਣਪਛਾਤੇ ਲੋਕਾਂ ਵੱਲੋਂ ‘ਰੇਕੀ’ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੀ.ਸੀ.ਟੀ.ਵੀ. ਫੁੱਟੇਜ ਵੀ ਸਾਹਮਣੇ ਆਈ ਹੈ ,ਜਿਸ ਦੇ ਆਧਾਰ ’ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ।



ਮਨਕੀਰਤ ਔਲਖ ਨੇ ਦੱਸਿਆ ਹੈ ਕਿ ਬੀਤੀ ਰਾਤ ਜਦੋਂ ਉਹ ਮੁਹਾਲੀ ਸਥਿਤ ਆਪਣੇ ਫਲੈਟ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਮਨਕੀਰਤ ਔਲਖ ਦੇ ਵਾਹਨਾਂ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

 

ਪੰਜਾਬ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰਾਤ ਸਮੇਂ ਮਨਕੀਰਤ ਔਲਖ ਆਪਣੇ ਸੁਰੱਖਿਆ ਕਾਫ਼ਲੇ ਸਮੇਤ ਮੁਹਾਲੀ ਸਥਿਤ ਹੋਮਲੈਂਡ 'ਚ ਘਰ ਵੱਲ ਆ ਰਿਹਾ ਸੀ। ਉਦੋਂ ਹੀ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਤਿੰਨੋਂ ਨੌਜਵਾਨਾਂ ਦੇ ਚਿਹਰੇ ਢਕੇ ਹੋਏ ਸਨ। ਬਾਈਕ ਸਵਾਰਾਂ ਨੇ ਕਰੀਬ ਦੋ ਕਿਲੋਮੀਟਰ ਤੱਕ ਕਾਫਲੇ ਦਾ ਪਿੱਛਾ ਕੀਤਾ ਪਰ ਕਾਰ 'ਚ ਬੈਠੇ ਸੁਰੱਖਿਆ ਮੁਲਾਜ਼ਮ ਅਤੇ ਮਨਕੀਰਤ ਔਲਖ ਨੂੰ ਇਸ ਦੀ ਭਿਣਕ ਲੱਗ ਗਈ।


 



ਜਿਸ ਤੋਂ ਬਾਅਦ ਮਨਕੀਰਤ ਔਲਖ ਦਾ ਸੁਰੱਖਿਆ ਗਾਰਡ ਆਪਣੇ ਲਾਇਸੰਸੀ ਹਥਿਆਰ ਨਾਲ ਬਾਈਕ ਸਵਾਰਾਂ ਦੇ ਪਿੱਛੇ ਭੱਜਿਆ ਪਰ ਉਦੋਂ ਤੱਕ ਬਾਈਕ ਸਵਾਰ ਉਥੋਂ ਫਰਾਰ ਹੋ ਚੁੱਕੇ ਸਨ। ਮਨਕੀਰਤ ਔਲਖ ਨੇ ਪੰਜਾਬ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਇਹ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਦਕਿ ਪੁਲਸ ਨੂੰ ਸ਼ੱਕ ਹੈ ਕਿ ਰੇਕੀ ਕੀਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ :  ਦੁਖਦਾਈ ਖਬਰ! ਟਰੱਕ ਹੇਠ ਆਉਣ ਕਾਰਨ ਸੱਤ ਸ਼ਰਧਾਲੂਆਂ ਦੀ ਮੌਤ

ਦੱਸ ਦਈਏ ਕਿ ਮਨਕੀਰਤ ਔਲਖ ਦਾ ਨਾਂ ਉਸ ਸਮੇਂ ਸੁਰਖੀਆਂ 'ਚ ਆਇਆ ਸੀ, ਜਦੋਂ ਉਸ 'ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ ਪਰ ਪੰਜਾਬ ਪੁਲਸ ਨੇ ਆਪਣੀ ਜਾਂਚ 'ਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਗੈਂਗਸਟਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। 
 

ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਵੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਕਰਦੇ ਹੋਏ ਆਸਪਾਸ ਦੇ ਹੋਰ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨਾਂ ਨੇ ਸਿਰਫ ਰੇਕੀ ਹੀ ਕਰਨੀ ਸੀ ਜਾਂ ਫਿਰ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਇਹ ਗੰਭੀਰ ਅਤੇ ਡੂੰਘਾਈ ਨਾਲ ਜਾਂਚ ਕਰਨ ਦਾ ਮਾਮਲਾ ਹੈ।