Rajvir Jawanda on Spanish couple: ਮੋਟਰਸਾਈਕਲ ਤੇ ਦੁਨੀਆ ਦੀ ਸੈਰ ਕਰਨ ਵਾਲਾ ਸਪੈਨਿਸ਼ ਜੋੜਾ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਗਾਇਕ ਦੀਪ ਢਿੱਲੋਂ ਤੋਂ ਬਾਅਦ ਹੁਣ ਰਾਜਵੀਰ ਜਵੰਧਾ ਵੱਲੋਂ ਇਸ ਜੋੜੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕਰ ਸਰਕਾਰ ਨੂੰ ਬੇਨਤੀ ਵੀ ਕੀਤੀ ਗਈ ਹੈ। ਕਲਾਕਾਰ ਵੱਲੋਂ ਸਪੈਨਿਸ਼ ਜੋੜੇ ਨਾਲ ਆਪਣੀ ਤਸਵੀਰ ਸ਼ੇਅਰ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਰਾਜਵੀਰ ਜਵੰਧਾ ਨੇ ਸਾਂਝੀ ਕੀਤੀ ਪੋਸਟ
ਦਰਅਸਲ, ਰਾਜਵੀਰ ਜਵੰਧਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਦੋਸਤੋ ਇਹ ਹਨ ਮੋਟਰਸਾਈਕਲ ਤੇ ਦੁਨੀਆ ਦੀ ਸੈਰ ਕਰਨ ਵਾਲੇ ਯਾਤਰੀ @fernanda.4ever ਤੇ ਉਸ ਦੇ ਸਾਥੀ। ਅਸੀ ਇਹਨਾਂ ਨੂੰ ਕਾਫ਼ੀ ਸਮੇਂ ਤੋਂ ਰਾਈਡ ਕਰਦੇ ਦੇਖ ਰਹੇ ਸੀ। ਕਈ ਮੁਲਕਾਂ ਵਿੱਚ ਘੁੰਮਦੇ ਹੋਏ ਜਦੋ ਇਹ ਸਤੰਬਰ 2023 ਨੂੰ ਸਾਡੇ ਮੁਲਕ ਭਾਰਤ ਵਿੱਚ ਦਾਖਲ ਹੋਏ ਤਾਂ ਅਸੀ ਸਾਰੇ ਰਾਈਡਰਾਂ ਨੇ ਇਹਨਾਂ ਦਾ ਸਵਾਗਤ ਕੀਤਾ , ਇਹਨਾਂ ਨੂੰ ਜੀ ਆਇਆਂ ਨੂੰ ਕਿਹਾ । ਸਤੰਬਰ ਮਹੀਨੇ ਵਿੱਚ ਇਹਨਾਂ ਨਾਲ ਲੇਹ ਲਦਾਖ਼ ਮੁਲਾਕਾਤ ਹੋਈ ਤਾਂ ਅਸੀਂ ਪੁੱਛਿਆ ਕਿ ਤੁਹਾਨੂੰ ਇੰਡੀਆ ਕਿਵੇਂ ਲੱਗਾ ? ਤਾਂ ਇਹਨਾਂ ਨੇ ਕਿਹਾ ਅਸੀ ਹਾਲੇ ਥੋੜੇ ਦਿਨ ਹੀ ਘੁੰਮੇ ਹਾਂ ਇੰਡੀਆ ਵੀ ਬਹੁਤ ਵਧੀਆ ਲੱਗਾ ਤੇ ਇੱਥੇ ਲੋਕ ਵੀ ਬਹੁਤ ਵਧੀਆ ਹਨ। ਪਰ ਹੁਣ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਇਹ ਝਾਰਖੰਡ ਵਿੱਚੋ ਜਾ ਰਹੇ ਸੀ ,ਰਾਤ ਰੁਕਣ ਲਈ ਆਪਣਾ ਟੈਂਟ ਲਗਾਇਆ ਤਾਂ ਸੱਤ ਅੱਠ ਬੰਦਿਆਂ ਨੇ ਦਾਖਲ ਹੋਕੇ ਇਹਨਾ ਦੀ ਕੁੱਟ ਮਾਰ ਕੀਤੀ ਅਤੇ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਮੰਦਭਾਗੀ ਘਟਨਾ ਕਾਰਨ ਸਾਰੇ ਭਾਰਤੀਆਂ ਦਾ ਪੂਰੀ ਦੁਨੀਆ ਸਾਹਮਣੇ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ।
ਕਾਬਿਲੇਗੌਰ ਹੈ ਕਿ ਇਸ ਮਾਮਲੇ ਨੂੰ ਲੈ ਪੰਜਾਬੀ ਕਲਾਕਾਰਾਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ। ਭਾਰਤ ਵਿੱਚ ਅਜਿਹੀ ਘਟਨਾ ਦਾ ਹੋਣਾ ਬੇਹੱਦ ਸ਼ਰਮਨਾਕ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਾਇਕ ਦੀਪ ਢਿੱਲੋਂ ਵੱਲੋਂ ਇੱਕ ਪੋਸਟ ਸ਼ੇਅਰ ਕਰ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਗਿਆ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਗਈ।
ਜਾਣੋ ਪੂਰਾ ਮਾਮਲਾ ?
ਕਾਬਿਲੇਗੌਰ ਹੈ ਕਿ ਸਪੈਨਿਸ਼ ਜੋੜੇ ਨੇ 5 ਸਾਲ ਪਹਿਲਾਂ ਮੋਟਰਸਾਈਕਲ 'ਤੇ ਦੁਨੀਆ ਦੀ ਸੈਰ ਕਰਨ ਦੀ ਯੋਜਨਾ ਬਣਾਈ ਸੀ। ਲਗਭਗ 36 ਦੇਸ਼ਾਂ ਅਤੇ ਇੱਕ ਲੱਖ 70 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ, ਉਨ੍ਹਾਂ ਦੀ ਯਾਤਰਾ ਨੇ ਝਾਰਖੰਡ ਦੇ ਦੁਮਕਾ ਵਿੱਚ ਇੱਕ ਅਜਿਹਾ ਮੋੜ ਲਿਆ ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਜਾਣਕਾਰੀ ਮੁਤਾਬਕ ਔਰਤ ਨਾਲ 7 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ, ਜਿੱਥੇ ਉਹ ਰਾਤ ਨੂੰ ਆਪਣੇ ਸਾਥੀ ਨਾਲ ਇਕ ਅਸਥਾਈ ਟੈਂਟ 'ਚ ਰਹਿ ਰਹੀ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਦੁਮਕਾ 'ਚ ਵਾਪਰੀ।
ਇਹ ਜੋੜਾ ਬੰਗਲਾਦੇਸ਼ ਤੋਂ ਦੋ ਮੋਟਰਸਾਈਕਲਾਂ 'ਤੇ ਦੁਮਕਾ ਪਹੁੰਚਿਆ ਸੀ ਅਤੇ ਇੱਥੋਂ ਬਿਹਾਰ ਅਤੇ ਫਿਰ ਨੇਪਾਲ ਜਾ ਰਿਹਾ ਸੀ। ਹਾਲਾਂਕਿ, ਸ਼ੁੱਕਰਵਾਰ ਦੀ ਰਾਤ ਨੇ ਦੋਵਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਜਦੋਂ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਪੀੜਤ ਨੂੰ ਬੁਰੀ ਹਾਲਤ ਵਿੱਚ ਛੱਡ ਦਿੱਤਾ।